Canada 'ਚ ਕਪਿਲ ਸ਼ਰਮਾ ਦੇ ਕੈਫੇ 'ਤੇ ਮੁੜ ਹੋਈ ਫਾਈਰਿੰਗ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਗੋਲੀਬਾਰੀ ਦੀ ਜ਼ਿੰਮੇਵਾਰੀ
Kapil Sharma Cafe Firing : ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ "ਕੈਪਸ ਕੈਫੇ" 'ਤੇ ਵੀਰਵਾਰ ਨੂੰ ਮੁੜ ਸਵੇਰੇ ਫਾਇਰਿੰਗ ਹੋਈ ਹੈ। ਕੈਫੇ 'ਤੇ ਨੌਂ ਤੋਂ ਦਸ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਬਾਹਰੀ ਸ਼ੀਸ਼ੇ ਟੁੱਟ ਗਏ ਅਤੇ ਕੰਧਾਂ ਵਿੱਚ ਗੋਲੀਆਂ ਦੇ ਛੇਕ ਹੋ ਗਏ। ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਇਹ ਇਸ ਮਹੀਨੇ ਦੀ ਦੂਜੀ ਅਤੇ ਤੀਜੀ ਅਜਿਹੀ ਘਟਨਾ ਹੈ। ਗੋਲੀਬਾਰੀ ਦੀ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਘਟਨਾ ਦੀ ਇੱਕ ਵੀਡੀਓ ਵਿੱਚ ਇੱਕ ਹਮਲਾਵਰ ਕਾਰ ਦੇ ਅੰਦਰੋਂ ਅੰਨ੍ਹੇਵਾਹ ਫਾਇਰਿੰਗ ਕਰਦੇ ਨਜ਼ਰ ਆ ਰਿਹਾ ਹੈ।
ਕਪਿਲ ਸ਼ਰਮਾ ਦੇ ਕੈਨੇਡੀਅਨ ਕੈਫੇ 'ਤੇ ਇਸ ਸਾਲ ਪਹਿਲੀ ਵਾਰ 10 ਜੁਲਾਈ ਨੂੰ ਅਤੇ ਦੂਜੀ ਵਾਰ 7 ਅਗਸਤ ਨੂੰ ਫਾਇਰਿੰਗ ਹੋਈ ਸੀ। ਦੋਵੇਂ ਵਾਰ ਫਾਇਰਿੰਗ 'ਚ ਕੈਫੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਘਟਨਾ ਤੋਂ ਬਾਅਦ ਕੈਫੇ ਕਈ ਦਿਨਾਂ ਤੱਕ ਬੰਦ ਰਿਹਾ। ਭਾਰਤ ਵਿੱਚ ਕਪਿਲ ਸ਼ਰਮਾ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਸੀ। ਚਾਰ ਮਹੀਨਿਆਂ ਵਿੱਚ "ਕੈਪਸ ਕੈਫੇ" ਵਿੱਚ ਇਹ ਤੀਜੀ ਵਾਰ ਫਾਇਰਿੰਗ ਹੋਈ ਹੈ।
ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਗੋਲੀਬਾਰੀ ਦੀ ਜ਼ਿੰਮੇਵਾਰੀ
ਘਟਨਾ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋਈ, ਜਿਸ ਵਿੱਚ ਗੈਂਗਸਟਰ ਗੋਲਡੀ ਢਿੱਲੋਂ ਅਤੇ ਕੁਲਵੀਰ ਸਿੱਧੂ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ। ਪੋਸਟ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਜ਼ਿਕਰ ਕੀਤਾ ਗਿਆ ਸੀ। ਕੁਲਵੀਰ ਸਿੱਧੂ ਦੇ ਹੈਂਡਲ ਤੋਂ ਕੀਤੀ ਗਈ ਪੋਸਟ ਵਿੱਚ ਲਿਖਿਆ ਹੈ, "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਰੀ ਦੇ ਕੈਪਸ ਕੈਫੇ 'ਤੇ ਤਿੰਨ ਵਾਰ ਫਾਇਰਿੰਗ ਹੋਈ ਹੈ ,ਉਸ ਦੀ ਜ਼ਿੰਮੇਵਾਰੀ ਮੈਂ ,ਕੁਲਵੀਰ ਸਿੱਧੂ ਅਤੇ ਗੋਲਡੀ ਢਿੱਲੋਂ ਲੈਂਦੇ ਹਾਂ। ਸਾਡੀ ਆਮ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜਿਨ੍ਹਾਂ ਨਾਲ ਸਾਡਾ ਝਗੜਾ ਹੈ, ਉਹ ਸਾਡੇ ਤੋਂ ਦੂਰ ਰਹਿਣ। ਜੋ ਲੋਕ ਗੈਰ-ਕਾਨੂੰਨੀ (2 ਨੰਬਰ ਦਾ ) ਕੰਮ ਕਰਦੇ ਹਨ ਅਤੇ ਲੋਕਾਂ ਤੋਂ ਕੰਮ ਕਰਵਾ ਕੇ ਪੈਸੇ ਨਹੀਂ ਦਿੰਦੇ, ਉਹ ਵੀ ਤਿਆਰ ਰਹਿਣ। ਜੋ ਵੀ ਬਾਲੀਵੁੱਡ ਵਿੱਚ ਧਰਮ ਵਿਰੁੱਧ ਬੋਲਦੇ ਹਨ ,ਉਹ ਵੀ ਤਿਆਰ ਰਹਿਣ। ਗੋਲੀਆਂ ਕਿਤੋਂ ਵੀ ਆ ਸਕਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਲਾਂਕਿ ਪੀਟੀਸੀ ਨਿਊਜ਼ ਇਸ ਜ਼ਿੰਮੇਵਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 10 ਜੁਲਾਈ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਸੰਚਾਲਕ ਹਰਜੀਤ ਸਿੰਘ ਲਾਡੀ ਨੇ ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ। ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਵਿੱਚ ਨਿਹੰਗ ਸਿੱਖਾਂ ਬਾਰੇ "ਮਜ਼ਾਕੀਆ" ਟਿੱਪਣੀਆਂ ਕੀਤੀਆਂ ਸਨ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਕਪਿਲ ਸ਼ਰਮਾ ਦਾ "ਕੈਪਸ ਕੈਫੇ" 7 ਜੁਲਾਈ 2025 ਨੂੰ ਕੈਨੇਡਾ ਦੇ ਸਰੀ ਵਿੱਚ ਖੁੱਲ੍ਹਿਆ ਸੀ।

- PTC NEWS