Ludhiana ਵਿਖੇ ਬਾਲਟੀ 'ਚੋਂ ਮਿਲਿਆ ਇੱਕ ਵਿਅਕਤੀ ਦਾ ਸਿਰ , ਕਈ ਟੁਕੜੇ ਕਰਕੇ ਖਾਲੀ ਪਲਾਟ 'ਚ ਸੁੱਟੀ ਲਾਸ਼
Ludhiana News : ਲੁਧਿਆਣਾ ਦੀ ਭਾਰਤੀ ਕਲੋਨੀ ਵਿਖੇ ਇੱਕ ਖਾਲੀ ਪਲਾਟ 'ਚੋਂ ਬੋਰੇ ਵਿੱਚੋਂ ਇੱਕ ਨੌਜਵਾਨ ਦੀ ਕੱਟੀ ਲਾਸ਼ ਪੁਲਿਸ ਨੂੰ ਬਰਾਮਦ ਹੋਈ ਹੈ। ਲਾਸ਼ ਕਈ ਟੁਕੜੇ ਕਰਕੇ ਇੱਕ ਖਾਲੀ ਪਲਾਟ 'ਚ ਸੁੱਟੀ ਗਈ ਅਤੇ ਸਿਰ ਬਾਲਟੀ 'ਚੋਂ ਮਿਲਿਆ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਵਜੋ ਹੋਈ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਵਿੰਦਰ ਦੇ ਪਰਿਵਾਰ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਆਖਣਾ ਹੈ ਕਿ ਦਵਿੰਦਰ ਸਿੰਘ ਪਿਛਲੇ ਦਿਨੀ ਮੁੰਬਈ ਤੋਂ ਲੁਧਿਆਣਾ ਆਇਆ ਸੀ। ਦਵਿੰਦਰ ਸਿੰਘ ਤਰਖਾਨ ਦਾ ਕੰਮ ਕਰਦਾ ਹੈ। ਮੁੰਬਈ ਤੋਂ ਵਾਪਸ ਆਉਣ ਤੋਂ ਬਾਅਦ ਉਹ ਆਪਣੇ ਘਰ ਸਿਰਫ਼ 15 ਮਿੰਟ ਰਿਹਾ ਅਤੇ ਫਿਰ ਚਲਾ ਗਿਆ। ਅੱਜ ਸਵੇਰੇ ਉਸਦੀ ਲਾਸ਼ ਇੱਕ ਖਾਲੀ ਪਲਾਟ ਵਿੱਚੋਂ ਟੁਕੜਿਆਂ ਵਿੱਚ ਮਿਲੀ। ਮ੍ਰਿਤਕ ਦੀ ਲਾਸ਼ ਤਿੰਨ ਹਿੱਸਿਆਂ ਵਿੱਚ ਹੈ। ਸਥਾਨਕ ਪੁਲਿਸ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਦਾ ਆਖਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਦਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਲੁਧਿਆਣਾ ਦੇ ਸਲੇਮ ਟਾਪਰੀ ਥਾਣੇ 'ਚ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਉਹਨਾਂ ਨੂੰ ਅੱਜ ਇਤਲਾਹ ਮਿਲੀ ਕਿ ਲੁਧਿਆਣਾ ਦੇ ਜਲੰਧਰ ਪਾਈਪਾਸ ਦੇ ਕੋਲ ਭਾਰਤੀ ਕਲੋਨੀ ਦੇ ਖਾਲੀ ਪਲਾਟ ਦੇ ਇੱਕ ਬੋਰੇ ਦੇ ਵਿੱਚ ਲਾਸ਼ ਪਈ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ।
ਪਰਿਵਾਰਿਕ ਮੈਂਬਰਾਂ ਦਾ ਆਖਣਾ ਹੈ ਕਿ ਉਹਨਾਂ ਨੂੰ ਦਵਿੰਦਰ ਸਿੰਘ ਦੇ ਦੋਸਤ ਸ਼ੇਰਾ ਨਾਮਕ ਵਿਅਕਤੀ 'ਤੇ ਸ਼ੱਕ ਹੈ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ,ਜਿਸ ਵਿੱਚ ਦਵਿੰਦਰ ਸਿੰਘ ਦਾ ਦੋਸਤ ਅਤੇ ਉਸਦੀ ਪਤਨੀ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਕ ਵੱਡੀ ਬੋਰੀ ਮੋਟਰਸਾਈਕਲ 'ਤੇ ਰੱਖ ਕੇ ਘਰੋਂ ਕੁਝ ਲੈ ਕੇ ਬਾਹਰ ਨੂੰ ਨਿਕਲ ਰਹੇ ਹਨ। ਮੁੱਢਲੀ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਦਾ ਦੋਸਤ ਸ਼ੇਰਾ ਨੇੜਲੀ ਗਲੀ ਵਿੱਚ ਰਹਿੰਦਾ ਸੀ।
- PTC NEWS