Majitha : ਕੁਵੈਤ ’ਚ ਅੱਗ ਲੱਗਣ ਕਾਰਨ ਜਿਊਂਦਾ ਸੜਿਆ ਪੰਜਾਬੀ ਨੌਜਵਾਨ, 2 ਬੱਚਿਆਂ ਦਾ ਪਿਤਾ ਸੀ ਮ੍ਰਿਤਕ
Majitha News : ਹਲਕਾ ਮਜੀਠਾ ਦੇ ਪਿੰਡ ਪੰਧੇਰ ਕਲਾਂ ਨਾਲ ਸਬੰਧਤ 35 ਸਾਲਾ ਨੌਜਵਾਨ ਜਗਤਾਰ ਸਿੰਘ ਦੀ ਕੁਵੈਤ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਦੌਰਾਨ ਮੌਤ ਹੋ ਗਈ। ਦੇਰ ਰਾਤ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਅਚਾਨਕ ਅੱਗ ਲੱਗਣ ਕਾਰਨ ਜਗਤਾਰ ਸਿੰਘ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਜਿੰਦਾ ਸੜ ਗਿਆ। ਨੌਜਵਾਨ ਦੀ ਮੌਤ ਦੀ ਖ਼ਬਰ ਪਿੰਡ ਪਹੁੰਚਦਿਆਂ ਹੀ ਸੋਗ ਦੀ ਲਹਿਰ ਦੌੜ ਗਈ। (Punjabi Youth Death in Kuwait)
5 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਿਆ ਸੀ ਜਗਤਾਰ ਸਿੰਘ
ਪਰਿਵਾਰਕ ਮੈਂਬਰਾਂ ਮੁਤਾਬਕ, ਜਗਤਾਰ ਸਿੰਘ ਪਿਛਲੇ ਕਰੀਬ ਪੰਜ ਸਾਲਾਂ ਤੋਂ ਕੁਵੈਤ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਗਿਆ ਹੋਇਆ ਸੀ। ਉਹ ਪਰਿਵਾਰ ਦੇ ਮਾੜੇ ਆਰਥਿਕ ਹਾਲਾਤ ਸੁਧਾਰਨ ਅਤੇ ਆਪਣੇ ਦੋ ਛੋਟੇ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਵਿਦੇਸ਼ ਵਿੱਚ ਮਿਹਨਤ ਕਰ ਰਿਹਾ ਸੀ। ਪਰਿਵਾਰ ਲਈ ਉਹ ਇਕੱਲਾ ਕਮਾਊ ਪੁੱਤ ਸੀ ਅਤੇ ਉਸ ਦੀ ਮੌਤ ਨਾਲ ਘਰ ਦਾ ਆਰਥਿਕ ਸਹਾਰਾ ਵੀ ਖਤਮ ਹੋ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਹੁਣ ਜਲਦ ਹੀ ਘਰ ਵਾਪਸ ਆਉਣਾ ਸੀ। ਪਰਿਵਾਰ ਉਸ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮ੍ਰਿਤਕ ਦੇਹ ਘਰ ਵਾਪਸ ਆਉਣ ਦੀ ਖ਼ਬਰ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ।
ਕੁਵੈਤ 'ਚ ਚਾਰ ਮੰਜਿਲਾ ਇਮਾਰਤ 'ਚ ਰਹਿੰਦਾ ਸੀ ਮ੍ਰਿਤਕ
ਮ੍ਰਿਤਕ ਦੇ ਸਹੁਰੇ ਪਰਿਵਾਰ ਨਾਲ ਸਬੰਧਤ ਸਤਪਾਲ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਤਾਰ ਸਿੰਘ ਕੁਵੈਤ ਵਿੱਚ ਚਾਰ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਰਹਿੰਦਾ ਸੀ। ਦੇਰ ਰਾਤ ਕਰੀਬ ਇੱਕ ਵਜੇ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ। ਜਿਵੇਂ ਹੀ ਜਗਤਾਰ ਸਿੰਘ ਨੂੰ ਅੱਗ ਲੱਗਣ ਦਾ ਪਤਾ ਲੱਗਾ, ਉਸ ਨੇ ਉੱਥੇ ਰਹਿੰਦੇ ਹੋਰ ਨੌਜਵਾਨਾਂ ਨੂੰ ਜਗਾਇਆ ਅਤੇ ਉਨ੍ਹਾਂ ਨੂੰ ਅੱਗ ਬਾਰੇ ਸੁਚੇਤ ਕੀਤਾ।
ਇਹ ਵੀ ਪੜ੍ਹੋ... ਪੰਜਾਬ 'ਚ ਮੁੜ ਹੋਣਗੀਆਂ ਨਗਰ ਕੌਂਸਲ ਚੋਣਾਂ ! ਬਾਘਾਪੁਰਾਣਾ ਦੇ 15 ਵਾਰਡਾਂ 'ਚ ਦੀਆਂ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ
ਪਰਿਵਾਰਕ ਮੈਂਬਰਾਂ ਅਨੁਸਾਰ ਜਗਤਾਰ ਸਿੰਘ ਨੇ ਪਹਿਲਾਂ ਆਪਣਾ ਸਮਾਨ ਹੇਠਾਂ ਸੁੱਟਿਆ ਅਤੇ ਹੋਰਨਾਂ ਨੌਜਵਾਨਾਂ ਨੂੰ ਇਮਾਰਤ ਤੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ। ਕਈ ਲੋਕ ਸੁਰੱਖਿਅਤ ਤੌਰ ’ਤੇ ਬਾਹਰ ਆ ਗਏ, ਪਰ ਕਿਸੇ ਜ਼ਰੂਰੀ ਚੀਜ਼ ਦੇ ਪਿੱਛੇ ਰਹਿ ਜਾਣ ਕਾਰਨ ਜਗਤਾਰ ਸਿੰਘ ਮੁੜ ਉੱਪਰ ਚਲਾ ਗਿਆ। ਇਸ ਦੌਰਾਨ ਅੱਗ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਹ ਬਾਹਰ ਨਹੀਂ ਆ ਸਕਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਇਮਾਰਤ ਦਾ ਵੱਡਾ ਹਿੱਸਾ ਇਸ ਦੀ ਲਪੇਟ ਵਿੱਚ ਆ ਗਿਆ। ਉਨ੍ਹਾਂ ਅਨੁਸਾਰ ਅੱਗ ਦੌਰਾਨ ਬਿਜਲੀ ਦੀਆਂ ਤਾਰਾਂ ਡਿੱਗਣ ਕਾਰਨ ਵੀ ਸਥਿਤੀ ਹੋਰ ਖ਼ਤਰਨਾਕ ਹੋ ਗਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਨੇ ਹੋਰਨਾਂ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ, ਪਰ ਖੁਦ ਅੱਗ ਦੀ ਲਪੇਟ ਵਿੱਚ ਆ ਗਿਆ।
ਦੋ ਛੋਟੇ ਬੱਚਿਆਂ ਦਾ ਪਿਤਾ ਸੀ ਜਗਤਾਰ ਸਿੰਘ
ਮ੍ਰਿਤਕ ਦੇ ਭਰਾ ਇਕਬਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਜਦੋਂ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਦੋ ਛੋਟੇ ਬੱਚਿਆਂ ਦਾ ਪਿਤਾ ਸੀ ਅਤੇ ਬੱਚਿਆਂ ਦੀ ਉਮਰ ਵੀ ਬਹੁਤ ਘੱਟ ਹੈ। ਪਰਿਵਾਰ ਨੂੰ ਹੁਣ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ।
ਪਰਿਵਾਰ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਮਦਦ ਦੀ ਲਾਈ ਗੁਹਾਰ
ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਗਤਾਰ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਕੁਵੈਤ ਤੋਂ ਪੰਜਾਬ ਲਿਆਂਦਾ ਜਾਵੇ, ਤਾਂ ਜੋ ਪਰਿਵਾਰ ਆਪਣੇ ਪੁੱਤ ਦੇ ਅੰਤਿਮ ਦਰਸ਼ਨ ਕਰ ਸਕੇ ਅਤੇ ਰੀਤੀ-ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਪਰਿਵਾਰ ਨੇ ਕਿਹਾ ਕਿ ਉਹ ਆਰਥਿਕ ਤੌਰ ’ਤੇ ਕਮਜ਼ੋਰ ਹਨ ਅਤੇ ਵਿਦੇਸ਼ ਤੋਂ ਮ੍ਰਿਤਕ ਦੇਹ ਵਾਪਸ ਲਿਆਉਣ ਦਾ ਖਰਚਾ ਉਨ੍ਹਾਂ ਲਈ ਬਹੁਤ ਵੱਡੀ ਚੁਣੌਤੀ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਨੁੱਖੀ ਅਤੇ ਸੰਵੇਦਨਸ਼ੀਲਤਾ ਦੇ ਆਧਾਰ ’ਤੇ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਜਗਤਾਰ ਸਿੰਘ ਦੀ ਦੇਹ ਜਲਦ ਘਰ ਪਹੁੰਚਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ... ਵਿਆਹ ਤੇ ਬ੍ਰੇਕਅੱਪ 'ਤੇ Sara Tendulkar ਦਾ ਬੇਬਾਕ ਬਿਆਨ: 'ਉਮਰ ਦੇਖ ਕੇ ਵਿਆਹ ਕਰਨਾ ਗਲਤ, ਜ਼ਬਰਦਸਤੀ ਦਾ ਰਿਸ਼ਤਾ ਸਹੀ ਨਹੀਂ'!
- PTC NEWS