Wed, Sep 18, 2024
Whatsapp

ਵਿਦਿਆਰਥਣ ਦੀ ਮੌਤ ਮਾਮਲੇ 'ਚ ਵੱਡੀ ਅਪਡੇਟ; ਪੁਲਿਸ ਛਾਉਣੀ 'ਚ ਤਬਦੀਲ ਹੋਈ ਪੰਜਾਬੀ ਯੂਨੀਵਰਸਿਟੀ

Reported by:  PTC News Desk  Edited by:  Shameela Khan -- September 18th 2023 11:00 AM -- Updated: September 18th 2023 01:06 PM
ਵਿਦਿਆਰਥਣ ਦੀ ਮੌਤ ਮਾਮਲੇ 'ਚ ਵੱਡੀ ਅਪਡੇਟ; ਪੁਲਿਸ ਛਾਉਣੀ 'ਚ ਤਬਦੀਲ ਹੋਈ ਪੰਜਾਬੀ ਯੂਨੀਵਰਸਿਟੀ

ਵਿਦਿਆਰਥਣ ਦੀ ਮੌਤ ਮਾਮਲੇ 'ਚ ਵੱਡੀ ਅਪਡੇਟ; ਪੁਲਿਸ ਛਾਉਣੀ 'ਚ ਤਬਦੀਲ ਹੋਈ ਪੰਜਾਬੀ ਯੂਨੀਵਰਸਿਟੀ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਅਕਾਦਮਿਕ ਮਾਹੌਲ ਬਣਾਈ ਰੱਖਣ ਲਈ  ਯੂਨੀਵਰਸਿਟੀ ਵੱਲੋਂ ਐਤਵਾਰ ਨੂੰ ਪ੍ਰਬੰਧਨ ਮਾਮਲਿਆਂ ਨਾਲ਼ ਜੁੜੇ ਆਪਣੇ ਸਾਰੇ ਦਫ਼ਤਰ ਖੋਲ੍ਹੇ ਗਏ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀਆਂ ਲਿਖਤੀ ਰੂਪ ਵਿੱਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਪੜਤਾਲ ਲਈ ਐਡੀਸ਼ਨਲ ਸੈਸ਼ਨ ਜੱਜ (ਰਿਟਾਇਰਡ) ਜਸਵਿੰਦਰ ਸਿੰਘ ਨੂੰ  ਪੜਤਾਲੀਆ ਅਫ਼ਸਰ ਨਿਯੁੱਕਤ ਕਰ ਦਿੱਤਾ ਗਿਆ ਹੈ। ਉਹ ਆਪਣਾ ਕੰਮ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਕਰ ਦੇਣਗੇ ਜਿਸ ਦੇ ਅਧਾਰ ਉੱਤੇ ਅਗਲੀ ਕਾਰਵਾਈ ਤੁਰੰਤ ਕੀਤੀ ਜਾਵੇਗੀ।

ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਲਈ ਯੂਨੀਵਰਸਿਟੀ ਵਿੱਖੇ ਇੱਕ ਵਿਸ਼ੇਸ਼ 'ਸ਼ਿਕਾਇਤ ਨਿਵਾਰਣ ਸੈੱਲ'  ਮੌਜੂਦ ਹੈ ਜਿਸ ਦੇ ਚੇਅਰਪਰਸਨ ਮਨੋਵਿਗਿਆਨ ਵਿਭਾਗ ਦੇ ਪ੍ਰੋ. ਮਮਤਾ ਸ਼ਰਮਾ ਹਨ। ਇਸ ਤੋਂ ਇਲਾਵਾ 'ਅੰਦਰੂਨੀ ਸ਼ਿਕਾਇਤ' ਕਮੇਟੀ ਵੀ ਹੈ ਜਿਸ ਦੇ ਮੁਖੀ ਪ੍ਰੋ. ਨਰਿੰਦਰ ਕੌਰ ਮੁਲਤਾਨੀ ਹਨ। ਜੋ 'ਸੈਕਸ਼ੂਅਲ ਹਰਾਸ਼ਮੈਂਟ  ਵਿਰੋਧੀ ਸੈੱਲ' ਦੇ ਡਾਇਰੈਕਟਰ ਹਨ। ਇਨ੍ਹਾਂ ਸੈਲਾਂ ਵਿੱਚ ਇਸ ਸਮੇਂ  ਮੌਜੂਦਾ ਘਟਨਾਕ੍ਰਮ ਨਾਲ ਸਬੰਧਤ ਕੋਈ ਸ਼ਿਕਾਇਤ ਪੈਂਡਿੰਗ ਨਹੀਂ ਹੈ।


ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਮੁੱਖ ਦਫ਼ਤਰ ਜਿਵੇਂ ਵਾਈਸ ਚਾਂਸਲਰ ਦਫ਼ਤਰ, ਡੀਨ ਅਕਾਦਮਿਕ ਮਾਮਲੇ ਦਫ਼ਤਰ ਅਤੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੀ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਸੁਣਨ ਲਈ ਹਮੇਸ਼ਾ ਖੁੱਲ੍ਹੇ ਹਨ। ਯੂਨੀਵਰਸਿਟੀ ਵਿੱਚ ਹਰ ਪ੍ਰਾਪਤ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਦੀ ਕਿਸੇ ਵੀ ਸ਼ਿਕਾਇਤ ਨੂੰ ਅਣਗੌਲਿਆਂ ਨਹੀਂ ਕੀਤਾ ਜਾਂਦਾ।

ਡੀਨ ਭਾਸ਼ਾਵਾਂ ਡਾ. ਰਜਿੰਦਰ ਪਾਲ ਸਿੰਘ ਬਰਾੜ ਨੂੰ 'ਪੰਜ ਸਾਲਾ ਏਕੀਕ੍ਰਿਤ ਕੋਰਸ (ਭਾਸ਼ਾਵਾਂ)’  ਦੇ ਕੋਆਰਡੀਨੇਟਰ ਦਾ ਚਾਰਜ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, "ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਇਹ ਗੱਲ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਯੂਨੀਵਰਸਟੀ ਵਿਚੋਂ ਕਿਸੇ ਵਿਦਿਆਰਥੀ ਨੂੰ ਆਪਣਾ ਇਲਾਜ ਕਰਵਾਉਣ ਲਈ ਜਾਂ ਕਿਸੇ ਵੀ ਹੋਰ ਕੰਮ ਲਈ ਬਾਹਰ ਜਾਣ ਹਿਤ ਕਿਸੇ ਤਰ੍ਹਾਂ ਦੀ ਕੋਈ ਛੁੱਟੀ ਦੀ ਲੋੜ ਨਹੀਂ ਹੁੰਦੀ। ਵਿਦਿਆਰਥੀ ਸਿਰਫ਼ ਹੋਸਟਲ ਦੇ ਰਜਿਸਟਰ ਵਿੱਚ ਲਿਖ ਕੇ ਜਦੋਂ ਮਰਜ਼ੀ ਅਤੇ ਜਿੱਥੇ ਮਰਜ਼ੀ ਜਾ ਸਕਦਾ ਹੈ। ਇਸ ਕਰ ਕੇ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕਿਸੇ ਵਿਦਿਆਰਥੀ ਦਾ ਇਲਾਜ ਇਸ ਲਈ ਨਾ ਕਰਵਾਇਆ ਜਾ ਸਕੇ ਕਿ ਉਸ ਨੂੰ ਛੁੱਟੀ ਨਹੀਂ ਦਿੱਤੀ ਗਈ।"

ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਮੁੱਢਲੇ ਇਲਾਜ ਲਈ ਹੈਲਥ ਸੈਂਟਰ ਉਪਲਬਧ ਹੈ ਅਤੇ ਐਂਬੂਲੈਂਸਾਂ ਵੀ ਉਪਲਬਧ ਹਨ, ਤਾਂ ਜੋ ਗੰਭੀਰ ਕੇਸਾਂ ਨੂੰ ਹਸਪਤਾਲਾਂ ਵਿੱਚ ਭੇਜਿਆ ਜਾ ਸਕੇ। ਵਿਦਿਆਰਥੀਆਂ ਦੇ ਮੁੱਢਲੇ ਇਲਾਜ ਤੋਂ ਬਾਅਦ ਦੀ ਕਾਰਵਾਈ ਮਾਪਿਆਂ ਦੀ ਇੱਛਾ ਅਨੁਸਾਰ ਹੀ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਕਿਸੇ ਵੀ ਇਮਤਿਹਾਨ ਵਿੱਚ ਬੈਠਣ ਲਈ 75 ਫ਼ੀਸਦੀ ਹਾਜ਼ਰੀਆਂ ਜ਼ਰੂਰੀ ਹੋਣ ਦਾ ਨਿਯਮ ਹੈ। ਸਿਹਤ ਜਾਂ ਹੋਰ ਢੁਕਵੇਂ ਨਿੱਜੀ ਕਾਰਨਾਂ ਕਰ ਕੇ 20 ਫ਼ੀਸਦੀ ਹੋਰ ਹਾਜ਼ਰੀਆਂ ਤੋਂ ਛੋਟ ਦਿੱਤੀ ਜਾ ਸਕਦੀ ਹੈ। ਜਿਸ ਦਾ ਭਾਵ ਇਹ ਹੈ ਕਿ 55 ਫ਼ੀਸਦੀ ਹਾਜ਼ਰੀਆਂ ਨਾਲ ਇਮਤਿਹਾਨ ਵਿੱਚ ਬੈਠਿਆ ਜਾ ਸਕਦਾ ਹੈ।

ਇਸ ਵਿਸ਼ੇਸ਼ ਛੋਟ ਦਾ ਕੁਝ ਫ਼ੀਸਦੀ ਹਿੱਸਾ ਸੰਬੰਧਤ ਵਿਭਾਗ ਅਤੇ ਕੁਝ ਫ਼ੀਸਦੀ ਹਿੱਸਾ ਡੀਨ ਅਕਾਦਮਿਕ ਮਾਮਲੇ ਅਤੇ ਵਾਈਸ ਚਾਂਸਲਰ ਦੀ ਸਿਫ਼ਾਰਸ਼ ਉੱਤੇ ਅਧਾਰਿਤ ਹੁੰਦਾ ਹੈ। ਇਸ ਹੇਠਲੀ ਸੀਮਾ ਤੋਂ ਘੱਟ ਹਾਜ਼ਰੀਆਂ ਨਾਲ਼ ਇਮਤਿਹਾਨ ਵਿੱਚ ਬੈਠਣ ਦਾ ਕੋਈ ਨਿਯਮ ਨਹੀਂ ਹੈ। 

ਜ਼ਿਕਰਯੋਗ ਹੈ ਕਿ ਅਧਿਆਪਕਾਂ ਦਾ ਇੱਕ ਵਫ਼ਦ ਅਧਿਆਪਕ ਸੰਘ ਦੇ ਪ੍ਰਧਾਨ  ਦੀ ਅਗਵਾਈ ਵਿੱਚ ਵਾਈਸ ਚਾਂਸਲਰ ਨੂੰ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਸਾਥੀ ਅਧਿਆਪਕ ਤੇ ਹੋਏ ਹਮਲੇ  ਉੱਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਅਤੇ  ਅਧਿਆਪਕਾਂ ਦੀ ਸੁਰੱਖਿਆ ਦੇ ਮੁੱਦਿਆਂ ਨੂੰ ਵਿਚਾਰਿਆ ਗਿਆ। ਅਧਿਆਪਕਾਂ ਨੇ ਅਦਾਰੇ ਦੇ ਅਕਾਦਮਿਕ ਮਾਹੌਲ ਨੂੰ ਸੁਖਾਵਾਂ ਬਣਾਈ ਰੱਖਣ ਵਿੱਚ ਆਪਣੇ ਹਰ ਸੰਭਵ ਸਹਿਯੋਗ ਦਾ ਵਾਅਦਾ ਕੀਤਾ।

ਪੁਲਿਸ ਛਾਉਣੀ ਬਣੀ ਪੰਜਾਬੀ ਯੂਨੀਵਰਸਿਟੀ:

ਦੂਜੇ ਪਾਸੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟ ਸਾਹਮਣੇ ਧਰਨਾ ਲਾਇਆ ਹੋਇਆ ਹੈ  ਅਤੇ ਪ੍ਰੋਫ਼ੈਸਰ ਨੂੰ ਬਰਖ਼ਾਸਤ 'ਤੇ ਵਿਦਿਆਰਥੀਆਂ 'ਤੇ ਹੋਏ ਪਰਚਾ ਰੱਦ ਕਰਨ ਦੀ ਮੰਗ ਕਰ ਰਹੇ ਹਨ। ਉੱਥੇ ਹੀ ਵਿਦਿਆਰਥੀ ਸੰਘਰਸ਼ ਨੂੰ ਅਸਫ਼ਲ ਕਰਨ ਲਈ ਪੰਜਾਬੀ ਯੂਨੀਵਰਸਿਟੀ ਨੂੰ ਤੜਕੇ ਹੀ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਮੁੱਖ ਗੇਟ 'ਤੇ ਵੱਡੀ ਗਿਣਤੀ ਪੁਲਿਸ 'ਤੇ ਕੈਂਪਸ ਸੁਰੱਖਿਆ ਮੁਲਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਪ੍ਰੋਫ਼ੈਸਰ ਦੀ ਕੁੱਟਮਾਰ ਸਬੰਧੀ ਵਿਦਿਆਰਥੀਆਂ ਖ਼ਿਲਾਫ਼ ਦਰਜ ਹੋਏ ਮਾਮਲੇ ਦੇ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਵਲੋਂ ਸੋਮਵਾਰ ਨੂੰ ਵੱਡਾ ਧਰਨਾ ਦੇਣ ਦਾ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਵਿਦਿਆਰਥਣ ਦੀ ਮੌਤ ਮਗਰੋਂ ਵਿਦਿਆਰਥੀਆਂ ਵੱਲੋਂ ਆਰੋਪੀ ਪ੍ਰੋਫ਼ੈਸਰ ਦੀ ਕੁੱਟਮਾਰ


- PTC NEWS

Top News view more...

Latest News view more...

PTC NETWORK