Jalandhar ’ਚ AAP ਆਗੂ ਦੇ ਕਤਲ ’ਤੇ ਘਿਰੀ ਮਾਨ ਸਰਕਾਰ; MP ਗੁਰਜੀਤ ਸਿੰਘ ਔਜਲਾ ਨੇ ਪੰਜਾਬ ਸਰਕਾਰ ’ਤੇ ਖੜ੍ਹੇ ਕੀਤੇ ਸਵਾਲ
Jalandhar News : ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ’ਤੇ ਗੰਭੀਰ ਸਵਾਲ ਖੜੇ ਕੀਤੇ ਹਨ।
ਸਾਂਸਦ ਔਜਲਾ ਨੇ ਕਿਹਾ ਕਿ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਅਤੇ ਰੋਜ਼ਾਨਾ ਵੱਡੀਆਂ ਅਪਰਾਧਿਕ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਲਾ ਐਂਡ ਆਰਡਰ ਸੰਭਾਲਣ ਲਈ ਇੱਕ ਤਾਕਤਵਾਰ ਅਤੇ ਜਿੰਮੇਵਾਰ ਮੁੱਖ ਮੰਤਰੀ ਦੀ ਲੋੜ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਸਥਿਤੀ ਲਈ ਸਿਰਫ਼ ਪੰਜਾਬ ਸਰਕਾਰ ਹੀ ਨਹੀਂ, ਸਗੋਂ ਕੇਂਦਰ ਸਰਕਾਰ ਵੀ ਬਰਾਬਰ ਦੀ ਜਿੰਮੇਵਾਰ ਹੈ, ਜੋ ਇਸ ਸਮੇਂ ਮੂਕ ਦਰਸ਼ਕ ਬਣੀ ਹੋਈ ਹੈ। ਸਾਂਸਦ ਔਜਲਾ ਨੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨਾਲ ਗਦਾਰੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੇ ਆਗੂਆਂ ਨੂੰ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ “ਗੱਦਾਰ ਦੋਸਤ” ਕਿਹਾ ਗਿਆ ਹੈ, ਜੋ ਇਸ ਸਿਆਸੀ ਹਾਲਾਤ ਨੂੰ ਦਰਸਾਉਂਦਾ ਹੈ। ਸਾਂਸਦ ਔਜਲਾ ਨੇ ਸਵਾਲ ਚੁੱਕਿਆ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸੰਸਕਾਰ ਹੋਣਾ ਸੀ, ਤਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿੱਥੇ ਸਨ ਅਤੇ ਬੀਜੇਪੀ ਵੱਲੋਂ ਰਾਜਘਾਟ ’ਤੇ ਸੰਸਕਾਰ ਲਈ ਜਗ੍ਹਾ ਕਿਉਂ ਨਹੀਂ ਦਿੱਤੀ ਗਈ।
ਅਖੀਰ ਵਿੱਚ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਨਫ਼ਰਤ ਕਰਦੀ ਹੈ, ਅਤੇ ਕਿਸਾਨੀ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਜਾਣਾ ਇਸ ਦੀ ਵੱਡੀ ਮਿਸਾਲ ਹੈ।
ਇਹ ਵੀ ਪੜ੍ਹੋ : Jalandhar ’ਚ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦਾ ਕਤਲ, 8 ਤੋਂ 10 ਮਾਰੀਆਂ ਗਈਆਂ ਗੋਲੀਆਂ
- PTC NEWS