Ludhiana News : ਲੁਧਿਆਣਾ ਦੀ ਸਬਜ਼ੀ ਮੰਡੀ 'ਚ ਭਿਆਨਕ ਅੱਗ, ਕਈ ਮੀਟਰ ਉਪਰ ਉਠੀਆਂ ਲਪਟਾਂ, ਧੂੰਏ 'ਚ ਲਿਪਟਿਆ ਆਸਮਾਨ
Ludhiana News : ਮੰਗਲਵਾਰ ਦੁਪਹਿਰ ਲਗਭਗ 2:15 ਵਜੇ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਪਲਾਸਟਿਕ ਦੇ ਕਰੇਟਾਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕੁਝ ਧਮਾਕੇ ਹੋਏ। ਕਈ ਸਬਜ਼ੀ ਵਿਕਰੇਤਾਵਾਂ ਨੂੰ ਵੀ ਭਾਰੀ ਨੁਕਸਾਨ ਹੋਇਆ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਅਸਮਾਨ ਵਿੱਚ ਦਿਖਾਈ ਦੇਣ ਲੱਗੀਆਂ। ਧੂੰਏਂ ਦੇ ਗੁਬਾਰ ਕਈ ਕਿਲੋਮੀਟਰ ਤੱਕ ਦਿਖਾਈ ਦੇ ਰਹੇ ਸਨ। ਇਹ ਅੱਗ ਫਲਾਂ ਦੇ ਸ਼ੈੱਡ ਨੰਬਰ 30 ਵਿੱਚ ਲੱਗੀ।
ਅੱਗ ਲੱਗਣ ਨਾਲ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਫੈਲ ਗਈ। ਬਾਜ਼ਾਰ ਵਿੱਚ ਸਾਮਾਨ ਖਰੀਦਣ ਆਏ ਲੋਕ ਵੀ ਇਧਰ-ਉਧਰ ਭੱਜਣ ਲੱਗ ਪਏ। ਸਥਿਤੀ ਵਿਗੜਦੀ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਲੱਗਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ।
ਮੌਕੇ 'ਤੇ ਲਗਭਗ 2 ਤੋਂ 3 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਆਉਣ ਤੋਂ ਪਹਿਲਾਂ ਹੀ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੇ ਵੀ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ।
ਦੁਕਾਨਦਾਰ ਕੁਲਦੀਪ ਨੇ ਦੱਸਿਆ ਕਿ ਅਚਾਨਕ ਅੱਗ ਦੀ ਚੰਗਿਆੜੀ ਭੜਕ ਗਈ। ਕਿਸੇ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਜਲਦੀ ਆਓ, ਅੱਗ ਲੱਗ ਗਈ ਹੈ। ਕਿਸੇ ਤਰ੍ਹਾਂ ਅਸੀਂ ਆਪਣਾ ਸਾਮਾਨ ਬਚਾਇਆ। ਇੱਕ ਗੱਡੀ ਵੀ ਸੜ ਗਈ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਫਲ ਵਿਕਰੇਤਾਵਾਂ ਦੇ ਲਗਭਗ 2 ਤੋਂ 3 ਕੋਠੇ ਸੜ ਗਏ ਹਨ। ਅੱਗ ਕਾਰਨ ਕੁਝ ਸਿਲੰਡਰ ਵੀ ਫਟ ਗਏ ਹਨ।
- PTC NEWS