Jalandhar News : 'ਆਪ' ਵਿਧਾਇਕ ਰਮਨ ਅਰੋੜਾ ਨੂੰ ਵੱਡੀ ਰਾਹਤ , ਜਬਰਨ ਵਸੂਲੀ ਦੇ ਮਾਮਲੇ 'ਚ ਵੀ ਮਿਲੀ ਜ਼ਮਾਨਤ
Jalandhar News : ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਜਬਰਨ ਵਸੂਲੀ ਦੇ ਮਾਮਲੇ 'ਚ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਜਲੰਧਰ ਸੈਸ਼ਨ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਰਮਨ ਅਰੋੜਾ ਦੇ ਵਕੀਲ ਦਰਸ਼ਨ ਸਿੰਘ ਦਿਆਲ ਨੇ ਕਿਹਾ ਹੈ ਕਿ ਅਰੋੜਾ ਨੂੰ ਅੱਜ ਤੱਕ ਰਿਹਾਅ ਕਰ ਦਿੱਤਾ ਜਾਵੇਗਾ। ਅਦਾਲਤ ਨੇ ਅਰੋੜਾ ਨੂੰ 25,000 ਰੁਪਏ ਦਾ ਜ਼ਮਾਨਤੀ ਬਾਂਡ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਹੈ।
14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਸੀ ਰਮਨ ਅਰੋੜਾ
ਰਮਨ ਅਰੋੜਾ ਦੇ ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਮਾਮਲੇ ਨਾਲ ਸਬੰਧਤ ਮਹੱਤਵਪੂਰਨ ਸਬੂਤ ਇਕੱਠੇ ਕਰ ਲਏ ਗਏ ਹਨ ਅਤੇ ਹੁਣ ਜੇਲ੍ਹ ਤੋਂ ਹੋਰ ਜਾਂਚ ਕੀਤੀ ਜਾ ਸਕਦੀ ਹੈ। ਅਦਾਲਤ ਨੇ ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਸੀ। ਅੱਜ ਦੀ ਸੁਣਵਾਈ ਵਿੱਚ ਅਦਾਲਤ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਰੋੜਾ ਨੂੰ ਜ਼ਮਾਨਤ ਦੇ ਦਿੱਤੀ।
ਜਬਰਨ ਵਸੂਲੀ ਦੇ ਮਾਮਲੇ 'ਚ ਹੋਈ ਸੀ ਗ੍ਰਿਫਤਾਰ
ਰਮਨ ਅਰੋੜਾ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਖੇ ਇਕ ਰਮੇਸ਼ ਕੁਮਾਰ ਨਾਮ ਦੇ ਵਿਅਕਤੀ ਨੇ ਮਾਮਲਾ ਦਰਜ ਕਰਾਇਆ ਸੀ ਕਿ ਰਮਨ ਅਰੋੜਾ ਉਸ ਕੋਲੋਂ ਮਹੀਨਾ ਲੈਂਦਾ ਹੈ, ਇਸੇ ਤਰ੍ਹਾਂ ਇਕ ਰਜਿੰਦਰ ਕੁਮਾਰ ਵਿਅਕਤੀ ਜੋ ਕੀ ਲਾਟਰੀ ਦਾ ਕੰਮ ਕਰਦਾ ਸੀ ,ਉਸ ਨੇ ਵੀ ਅਰੋੜਾ ਖ਼ਿਲਾਫ਼ ਪੈਸੇ ਲੈਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ਵਿੱਚ ਪੀੜਤਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਸਬੂਤ ਇਕੱਠੇ ਕਰਨ ਤੋਂ ਬਾਅਦ ਵਿਧਾਇਕ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਰਮਨ ਅਰੋੜਾ ਅਤੇ ਏਟੀਪੀ ਸੁਖਦੇਵ ਵਸ਼ਿਸ਼ਟ ਨੂੰ ਜ਼ਮਾਨਤ ਮਿਲ ਚੁੱਕੀ ਸੀ। ਹਾਲਾਂਕਿ ਵਿਧਾਇਕ ਰਮਨ ਅਰੋੜਾ ਦੇ ਜੇਲ੍ਹ ਤੋਂ ਆਉਣ ਤੋਂ ਪਹਿਲਾਂ ਉਨ੍ਹਾਂ ਉੱਪਰ ਥਾਣਾ ਰਾਮਾਮੰਡੀ ਵਿਖੇ ਪਾਰਕਿੰਗ ਠੇਕੇਦਾਰ ਨੇ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਸਨ, ਜਿਸ ਦੇ ਚੱਲਦਿਆਂ ਪੁਲਿਸ ਨੇ ਜ਼ਮਾਨਤ 'ਤੇ ਬਾਰਹ ਆਉਂਦਿਆਂ ਹੀ ਰਮਨ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
- PTC NEWS