ਮੁਹੰਮਦ ਸਿਰਾਜ: ਜਾਣੋ ਕਿਵੇਂ ਆਟੋ ਰਿਕਸ਼ਾ ਚਾਲਕ ਦਾ ਪੁੱਤਰ ਬਣਿਆ ਦੁਨੀਆ ਦਾ ਨੰਬਰ 1 ਗੇਂਦਬਾਜ਼
Mohammed Siraj Short Biography: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਬਹੁਤ ਘੱਟ ਸਮੇਂ 'ਚ ਵਿਸ਼ਵ ਕ੍ਰਿਕਟ 'ਤੇ ਅਜਿਹੀ ਛਾਪ ਛੱਡੀ ਹੈ, ਜਿਸ ਨੂੰ ਕੋਈ ਭੁੱਲ ਨਹੀਂ ਸਕੇਗਾ। ਸਿਰਾਜ ਇਸ ਸਮੇਂ ਭਾਰਤੀ ਟੀਮ ਦੀ ਤੇਜ਼ ਗੇਂਦਬਾਜ਼ੀ ਦਾ ਵੱਡਾ ਹਿੱਸਾ ਹੈ। ਉਸ ਨੇ ਪਿਛਲੇ ਇੱਕ ਸਾਲ ਵਿੱਚ ਕ੍ਰਿਕੇਟ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਵਰਤਮਾਨ ਵਿੱਚ ਉਹ ਆਈ.ਸੀ.ਸੀ. ਵਨਡੇ ਰੈਂਕਿੰਗ ਵਿੱਚ ਵਿਸ਼ਵ ਦਾ ਨੰਬਰ 1 ਗੇਂਦਬਾਜ਼ ਬਣੇ ਹੋਏ ਹਨ। ਅੱਜ ਤੁਹਾਨੂੰ ਮੁਹੰਮਦ ਸਿਰਾਜ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਬਾਰੇ ਦੱਸਾਂਗੇ।
ਕਦੋਂ ਛੱਡੀ ਸੀ ਪੜ੍ਹਾਈ?
ਮੁਹੰਮਦ ਸਿਰਾਜ ਨੇ ਸੱਤਵੀਂ ਜਮਾਤ ਵਿੱਚ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਉਸ ਸਮੇਂ ਆਪਣੇ ਸਕੂਲ ਦੀ ਟੀਮ ਲਈ ਖੇਡਦੇ ਸੀ। ਸਿਰਾਜ ਪਹਿਲਾਂ ਬੱਲੇਬਾਜ਼ ਸਨ ਪਰ ਬਾਅਦ ਵਿੱਚ ਗੇਂਦਬਾਜ਼ ਬਣ ਗਏ। ਸਿਰਾਜ ਪੜ੍ਹਾਈ ਦੇ ਮਾਮਲੇ ਵਿੱਚ ਥੋੜ੍ਹਾ ਕੱਚਾ ਸਾਬਤ ਹੋਇਆ ਅਤੇ 10ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਸਿਰਾਜ ਆਪਣੇ ਘਰ ਦੇ ਨੇੜੇ ਟੈਨਿਸ ਬਾਲ ਮੈਚ ਖੇਡਦਾ ਸੀ।
ਮਾਤਾ-ਪਿਤਾ ਬਾਰੇ ਦੱਸੀ ਇੱਕ ਵੱਡੀ ਗੱਲ
ਮੂਲ ਰੂਪ ਵਿੱਚ ਹੈਦਰਾਬਾਦ ਦੇ ਰਹਿਣ ਵਾਲੇ ਮੁਹੰਮਦ ਸਿਰਾਜ ਨੇ 2015 ਵਿੱਚ ਰਣਜੀ ਟਰਾਫੀ ਵਿੱਚ ਡੈਬਿਊ ਕੀਤਾ ਸੀ। 2017 ਦੀ ਆਈ.ਪੀ.ਐਲ. ਨਿਲਾਮੀ ਤੋਂ ਬਾਅਦ ਮੁਹੰਮਦ ਸਿਰਾਜ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਸਿਰਾਜ ਦੇ ਪਿਤਾ ਹੈਦਰਾਬਾਦ ਵਿੱਚ ਆਟੋ ਚਲਾਉਂਦੇ ਸਨ। ਸਿਰਾਜ ਦਾ ਸੁਪਨਾ ਸੀ ਕਿ ਇੱਕ ਦਿਨ ਉਹ ਇੰਨੇ ਪੈਸੇ ਕਮਾ ਲਵੇਗਾ ਕਿ ਪਿਤਾ ਨੂੰ ਇਹ ਕੰਮ ਨਾ ਕਰਨਾ ਪਵੇ ਅਤੇ ਇਸ ਕ੍ਰਿਕਟਰ ਨੇ ਜਲਦੀ ਹੀ ਆਪਣਾ ਸੁਪਨਾ ਪੂਰਾ ਕਰ ਦਿੱਤਾ।
ਸਿਰਾਜ ਨੇ ਇੱਕ ਵਾਰ ਦੱਸਿਆ ਸੀ ਕਿ ਉਸ ਦੇ ਪਿਤਾ ਉਸ ਨੂੰ ਕ੍ਰਿਕਟ ਖੇਡਣ ਲਈ ਸਪੋਰਟ ਕਰਦੇ ਸਨ। ਉਹ ਆਟੋ ਚਲਾਉਣ ਤੋਂ ਜੋ ਪੈਸਾ ਕਮਾਉਂਦੇ ਸਨ, ਉਸ ਵਿੱਚੋਂ ਕੁਝ ਪੈਸੇ ਉਹ ਬਚਾਉਂਦੇ ਅਤੇ ਜੇਬ-ਖ਼ਰਚੇ ਵਜੋਂ ਸਿਰਾਜ ਨੂੰ ਦਿੰਦੇ ਸਨ। ਸਿਰਾਜ ਦੀ ਮਾਂ ਉਸ ਦੇ ਕ੍ਰਿਕਟ ਖੇਡਣ ਤੋਂ ਖੁਸ਼ ਨਹੀਂ ਸਨ, ਉਹ ਅਕਸਰ ਸਿਰਾਜ ਨੂੰ ਗੁੱਸੇ ਨਾਲ ਕਹਿੰਦੇ ਸੀ ਕਿ ਉਹ ਕ੍ਰਿਕਟ ਖੇਡ ਕੇ ਆਪਣਾ ਸਮਾਂ ਬਰਬਾਦ ਕਰ ਰਿਹਾ ਹੈ।
ਉਨ੍ਹਾਂ ਕਿਹਾ, "ਮੇਰੀ ਮਾਂ ਮੇਰੇ ਬਾਰੇ ਸੋਚ ਕੇ ਚਿੰਤਾ ਕਰਦੀ ਰਹਿੰਦੀ ਸੀ। ਇੱਕ ਦਿਨ ਉਨ੍ਹਾਂ ਨੇ ਮੇਰੇ ਚਾਚੇ ਨੂੰ ਪੁੱਛਿਆ ਕਿ ਮੇਰਾ ਕੀ ਬਣੇਗਾ ਅਤੇ ਚਾਚੇ ਨੇ ਮਾਂ ਨੂੰ ਕਿਹਾ ਕਿ ਇਹ ਸਭ ਮੇਰੇ ਉੱਤੇ ਛੱਡ ਦਿਓ, ਹੁਣ ਇਹ ਮੇਰਾ ਮਾਮਲਾ ਹੈ।" ਸਿਰਾਜ ਦਾ ਚਾਚਾ ਇੱਕ ਕ੍ਰਿਕਟ ਕਲੱਬ ਦਾ ਮਾਲਕ ਹੈ। ਸਿਰਾਜ ਇਸੇ ਕਲੱਬ ਵੱਲੋਂ ਪਹਿਲੀ ਵਾਰ ਕ੍ਰਿਕਟ ਖੇਡਿਆ ਅਤੇ 5 ਵਿਕਟਾਂ ਲਈਆਂ। 19 ਸਾਲ ਦੀ ਉਮਰ ਵਿੱਚ ਉਸ ਨੇ ਇੱਕ ਮੈਚ ਵਿੱਚ ਨੌਂ ਵਿਕਟਾਂ ਵੀ ਲਈਆਂ ਸਨ। ਸਿਰਾਜ ਹਰ ਮੈਚ ਲਈ 500 ਰੁਪਏ ਲੈਂਦਾ ਸੀ। ਇਸ ਸਮੇਂ ਤੱਕ ਸਿਰਾਜ ਨੂੰ ਇਹ ਨਹੀਂ ਪਤਾ ਸੀ ਕਿ ਗੇਂਦ ਨੂੰ ਕਿਵੇਂ ਸਵਿੰਗ ਕਰਨਾ ਹੈ। ਇਸ ਸਭ ਦੇ ਬਾਵਜੂਦ ਉਹ ਸਥਾਨਕ ਲੀਗਾਂ ਵਿੱਚ ਖੇਡਦਾ ਰਿਹਾ ਪਰ ਕੋਈ ਸਫਲਤਾ ਹਾਸਲ ਨਹੀਂ ਹੋਈ।
ਇਸ ਤੋਂ ਬਾਅਦ ਵੀ ਉਹ ਖੇਡਦਾ ਰਿਹਾ ਅਤੇ ਆਖਰਕਾਰ ਹੈਦਰਾਬਾਦ ਅੰਡਰ-23 ਟੀਮ 'ਚ ਜਗ੍ਹਾ ਬਣਾ ਲਈ। ਜਦੋਂ ਸਿਰਾਜ ਕ੍ਰਿਕਟ ਖੇਡਦਾ ਸੀ ਤਾਂ ਉਸ ਦਾ ਭਰਾ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ।
ਸਿਰਾਜ ਨੇ ਕਿਵੇਂ ਰਣਜੀ ਟਰਾਫੀ ਵਿੱਚ ਹਲਚਲ ਮਚਾ ਦਿੱਤੀ ਸੀ। ਸਿਰਾਜ ਨੇ ਦੱਸਿਆ ਸੀ, "ਮੈਂ IPL 2016 'ਚ ਰਾਇਲ ਚੈਲੇਂਜਰਸ ਬੈਂਗਲੁਰੂ ਲਈ ਨੈੱਟ ਗੇਂਦਬਾਜ਼ ਦੇ ਤੌਰ 'ਤੇ ਗੇਂਦਬਾਜ਼ੀ ਕਰਨ ਗਿਆ ਸੀ। ਫਿਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਅਤੇ ਗੇਂਦਬਾਜ਼ੀ ਕੋਚ ਭਰਤ ਅਰੁਣ ਸਰ ਨੇ ਮੇਰੇ ਵੱਲ ਧਿਆਨ ਦਿੱਤਾ। ਇਸ ਤੋਂ ਪਹਿਲਾਂ ਮੈਂ 2 ਰਣਜੀ ਮੈਚ ਖੇਡਿਆ ਸੀ। ਉਸੇ ਸਾਲ ਭਰਤ ਸਰ ਨੂੰ ਹੈਦਰਾਬਾਦ ਦੀ ਰਣਜੀ ਟੀਮ ਦਾ ਕੋਚ ਬਣਾਇਆ ਗਿਆ ਪਰ ਮੈਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਨੇ ਸਾਬਕਾ ਭਾਰਤੀ ਬੱਲੇਬਾਜ਼ ਅਤੇ ਹੈਦਰਾਬਾਦ ਟੀਮ ਦੇ ਚੋਣਕਾਰ ਵੀ.ਵੀ.ਐੱਸ ਲਕਸ਼ਮਣ 'ਤੇ ਜ਼ੋਰ ਦਿੱਤਾ ਕਿ ਉਹ ਮੈਨੂੰ ਟੀਮ 'ਚ ਸ਼ਾਮਲ ਕਰਨ। ਮੈਂ ਟੀਮ ਵਿੱਚ ਆਇਆ ਅਤੇ ਸੀਜ਼ਨ ਵਿੱਚ 45 ਵਿਕਟਾਂ ਲਈਆਂ।"
ਸਿਰਾਜ ਦੇ ਪਿਤਾ ਮੁਹੰਮਦ ਗੌਸ ਸ਼ੁਰੂ ਤੋਂ ਹੀ ਆਪਣੇ ਬੇਟੇ ਦਾ ਹਰ ਤਰ੍ਹਾਂ ਨਾਲ ਸਮਰਥਨ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਯਕੀਨ ਸੀ ਕਿ ਉਨ੍ਹਾਂ ਦਾ ਬੇਟਾ ਇਕ ਦਿਨ ਜ਼ਰੂਰ ਸਫਲ ਇਨਸਾਨ ਬਣੇਗਾ। ਮੁਹੰਮਦ ਸਿਰਾਜ ਨੇ ਪਹਿਲੀ ਵਾਰ ਆਈ.ਪੀ.ਐਲ ਵਿੱਚ ਆਪਣੀ ਬੋਲੀ ਲਗਾਉਣ ਤੋਂ ਬਾਅਦ ਕਿਹਾ ਸੀ ਕਿ 'ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਕ੍ਰਿਕਟ ਤੋਂ ਆਪਣੀ ਪਹਿਲੀ ਕਮਾਈ ਕੀਤੀ ਸੀ। ਮੈਨੂੰ ਕਲੱਬ ਦੇ ਮੈਚ ਦੌਰਾਨ 500 ਰੁਪਏ ਇਨਾਮ ਵਜੋਂ ਦਿੱਤੇ ਗਏ ਸਨ।'
ਸਿਰਾਜ ਨੇ ਇੱਕ ਵਾਰ ਦੱਸਿਆ ਸੀ ਕਿ "ਸ਼ੁਰੂ ਵਿੱਚ ਆਈ.ਪੀ.ਐਲ ਸੀਜ਼ਨ 2017 ਦੀ ਨਿਲਾਮੀ ਦੌਰਾਨ ਮੇਰੇ ਲਈ ਕਿਸੇ ਨੇ ਬੋਲੀ ਨਹੀਂ ਲਗਾਈ ਪਰ ਬਾਅਦ ਵਿੱਚ ਬੰਗਲੌਰ ਨੇ ਬੋਲੀ ਲਗਾਈ ਅਤੇ ਮੈਂ ਖੁਸ਼ੀ ਨਾਲ ਆਪਣੇ ਦੋਸਤਾਂ ਨਾਲ ਨਿਲਾਮੀ ਵਾਲੀ ਥਾਂ ਤੋ ਬਾਹਰ ਚਲਾ ਗਿਆ, ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਸਨਰਾਈਜ਼ਰਸ ਹੈਦਰਾਬਾਦ ਨੇ ਮੈਨੂੰ 2.6 ਕਰੋੜ ਰੁਪਏ 'ਚ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ।"
ਮੁਹੰਮਦ ਸਿਰਾਜ ਨੂੰ ਆਈ.ਪੀ.ਐਲ. ਤੋਂ ਬਾਅਦ ਟੀਮ ਇੰਡੀਆ ਲਈ ਟੀ-20 ਫਾਰਮੈਟ ਵਿੱਚ ਖੇਡਣ ਦਾ ਮੌਕਾ ਮਿਲਿਆ ਪਰ ਕੁਝ ਖਾਸ ਨਹੀਂ ਕਰ ਸਕੇ। ਉਨ੍ਹਾਂ ਨੂੰ 2018 ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਭਾਰਤ ਲਈ ਚੰਗਾ ਪ੍ਰਦਰਸ਼ਨ ਨਾ ਕਰਨ ਕਾਰਨ ਸਿਰਾਜ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। ਇੱਥੋਂ ਤੱਕ ਕਿ ਉਸ ਨੂੰ ਟਰੋਲਰਾਂ ਵੱਲੋਂ ਆਟੋ ਚਲਾਉਣ ਲਈ ਕਿਹਾ ਗਿਆ ਸੀ ਪਰ ਇਸ ਤੋਂ ਬਾਅਦ ਵੀ ਉਸ ਨੇ ਹਾਰ ਨਹੀਂ ਮੰਨੀ ਅਤੇ ਲੌਕਡਾਊਨ ਦੌਰਾਨ ਕ੍ਰਿਕਟ ਜਾਰੀ ਰੱਖਣ ਜਾਂ ਛੱਡਣ ਬਾਰੇ ਬਹੁਤ ਸੋਚਿਆ।
ਸਿਰਾਜ ਨੇ ਤਾਲਾਬੰਦੀ ਦੌਰਾਨ ਸਵੇਰੇ ਤੜਕੇ ਕਸਰਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੇਂਦਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸਨੇ ਆਈ.ਪੀ.ਐਲ 2020 ਵਿੱਚ ਕੇ.ਕੇ.ਆਰ ਦੇ ਖਿਲਾਫ 3 ਵਿਕਟਾਂ ਲਈਆਂ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਸ ਨੂੰ ਭਾਰਤ ਲਈ 2020-21 ਵਿੱਚ ਆਸਟ੍ਰੇਲੀਆ ਖ਼ਿਲਾਫ਼ ਆਪਣੀ ਪਹਿਲੀ ਟੈਸਟ ਲੜੀ ਖੇਡਣ ਦਾ ਮੌਕਾ ਮਿਲਿਆ। ਜਦੋਂ ਮੁਹੰਮਦ ਸਿਰਾਜ 2021 'ਚ ਆਸਟ੍ਰੇਲੀਆ ਦੌਰੇ 'ਤੇ ਸਨ। ਫਿਰ ਉਸਦੇ ਪਿਤਾ ਦੀ ਮੌਤ ਹੋ ਗਈ। ਸਿਰਾਜ ਨੇ ਕਿਹਾ, "ਮੈਂ ਆਪਣੇ ਮਾਤਾ-ਪਿਤਾ ਨੂੰ ਬਿਹਤਰ ਜ਼ਿੰਦਗੀ ਦੇਣਾ ਚਾਹੁੰਦਾ ਹਾਂ ਪਰ ਮੇਰੇ ਪਿਤਾ ਮੇਰੀ ਸਫਲਤਾ ਨੂੰ ਦੇਖਦੇ ਹੋਏ ਹੀ ਗੁਜ਼ਰ ਗਏ। ਉਹ ਬਿਮਾਰ ਸੀ ਉਨ੍ਹਾਂ ਮੈਨੂੰ ਦੱਸਿਆ ਵੀ ਨਹੀਂ।"
ਸਿਰਾਜ ਦੀ ਇਹ ਕਹਾਣੀ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾਦਾਇਕ ਹੈ ਕਿ ਕਿਵੇਂ ਇੱਕ ਆਟੋ ਡਰਾਈਵਰ ਦੇ ਪੁੱਤਰ ਨੇ ਕ੍ਰਿਕਟ ਦੇ ਮੈਦਾਨ ਵਿੱਚ ਭਾਰਤ ਲਈ ਸਫਲਤਾ ਹਾਸਲ ਕੀਤੀ ਹੈ।
- With inputs from agencies