Tarntaran : ਕਲਯੁੱਗੀ ਮਾਂ ਦਾ ਕਾਰਾ, ਡੇਢ ਸਾਲਾ ਮਾਸੂਮ ਬੱਚੀ ਨੂੰ ਬੇਰਹਿਮੀ ਨਾਲ ਕੁੱਟਿਆ, ਥੱਪੜ ਮਾਰਦਿਆਂ ਦੀ ਵੀਡੀਓ ਪਤੀ ਨੂੰ ਭੇਜੀ
Tarntaran Mother beat her child : ਤਰਨਤਾਰਨ ਵਿਖੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਤੋਂ ਨਾਰਾਜ਼ ਇੱਕ ਮਹਿਲਾ ਵੱਲੋਂ ਆਪਣੀ ਡੇਢ ਸਾਲ ਦੀ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਹੀ ਬੱਸ ਨਹੀਂ ਇਸ ਕਲਯੁੱਗੀ ਮਾਂ ਨੇ ਬੱਚੀ ਨੂੰ ਥੱਪੜ ਮਾਰਦਿਆਂ ਦੀ ਵੀਡੀਓ ਵੀ ਬਣਾਈ ਅਤੇ ਆਪਣੇ ਪਤੀ ਨੂੰ ਭੇਜ ਦਿੱਤੀ। ਹਾਲਾਂਕਿ, ਹੁਣ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਨੇ ਦਖਲ ਦੇ ਕੇ ਬੱਚੀ ਨੂੰ ਮਾਂ ਕੋਲੋਂ ਛੁਡਾ ਲਿਆ ਹੈ ਅਤੇ ਕਥਿਤ ਦੋਸ਼ੀ ਮਹਿਲਾ ਨੂੰ ਹਿਰਾਸਤ 'ਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ, ਘਟਨਾ ਸ਼ਹਿਰ ਦੇ ਗਲੀ ਬਾਜਵਾ ਵਾਲੀ ਤੋਂ ਹੈ, ਜਿਥੇ ਮਹਿਲਾ ਆਪਣੇ ਸਹੁਰੇ ਪਰਿਵਾਰ ਨਾਲ ਨਾਰਾਜ਼ ਸੀ, ਜਿਸ ਦਾ ਗੁੱਸਾ ਉਸ ਨੇ ਆਪਣੀ ਮਾਸੂਮ ਬੱਚੀ 'ਤੇ ਉਤਾਰ ਦਿੱਤਾ ਅਤੇ ਬੇਰਹਿਮੀ ਨਾਲ ਕੁੱਟ ਸੁੱਟਿਆ। ਘਟਨਾ ਦੀ ਵੀਡੀਓ ਜਿਵੇਂ ਹੀ ਮਹਿਲਾ ਦੇ ਪਤੀ ਅਤੇ ਸਹੁਰੇ ਪਰਿਵਾਰ ਨੇ ਵੇਖੀ ਤਾਂ ਉਨ੍ਹਾਂ ਨੇ ਵੀਡੀਓ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਨੂੰ ਭੇਜੀ, ਜਿਸ ਪਿੱਛੋਂ ਬਾਲ ਵਿਭਾਗ ਤੁਰੰਤ ਹਰਕਤ ਵਿੱਚ ਆ ਗਿਆ।
ਬਾਲ ਸੁਰੱਖਿਆ ਵਿਭਾਗ ਦੀ ਟੀਮ ਨੇ ਪੁਲਿਸ ਨੂੰ ਨਾਲ ਲੈ ਕੇ ਸਥਾਨਕ ਸ਼ਹਿਰ ਦੀ ਗਲੀ ਬਾਜਵੇ ਵਾਲੀ ਵਿਖੇ ਛਾਪੇਮਾਰੀ ਕੀਤੀ ਅਤੇ ਮਾਸੂਮ ਬੱਚੀ ਨੂੰ ਉਸ ਦੀ ਮਾਂ ਦੇ ਕੋਲੋਂ ਬਰਾਮਦ ਕਰ ਲਿਆ। ਇਸ ਦੌਰਾਨ ਪੁਲਿਸ ਨੇ ਬੱਚੀ ਦੀ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਬੱਚੀ ਨੂੰ ਸੁਰੱਖਿਅਤ ਹਿਰਾਸਤ ਵਿੱਚ ਲੈ ਕੇ ਉਸ ਦੀ ਸਿਹਤ ਅਤੇ ਸੁਰੱਖਿਆ ਸਬੰਧੀ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਹਿਲਾ ਨੇ ਕਿਉਂ ਕੀਤੀ ਬੱਚੀ ਦੀ ਕੁੱਟਮਾਰ ?
ਹਿਰਾਸਤ ਵਿੱਚ ਲਈ ਗਈ ਮਹਿਲਾ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਆਪਣੇ ਪਤੀ ਨਾਲ ਮਿਲਣ ਨਹੀਂ ਦੇ ਰਿਹਾ ਸੀ। ਉਸ ਦੇ ਮੁਤਾਬਕ, ਪਤੀ ਤੱਕ ਆਪਣੀ ਗੱਲ ਪਹੁੰਚਾਉਣ ਲਈ ਉਸ ਨੇ ਬੱਚੀ ਦੀ ਕੁੱਟਮਾਰ ਕਰਕੇ ਉਸ ਦੀ ਵੀਡੀਓ ਬਣਾਈ ਅਤੇ ਖੁਦ ਹੀ ਆਪਣੇ ਪਤੀ ਨੂੰ ਭੇਜ ਦਿੱਤੀ।
ਉਧਰ, ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਨਸ਼ੇ ਦੀ ਲਤ ਦਾ ਸ਼ਿਕਾਰ ਸੀ ਅਤੇ ਇਲਾਜ ਲਈ ਆਪਣੀ ਭੂਆ ਕੋਲ ਰਹਿ ਰਿਹਾ ਸੀ। ਉਸ ਨੇ ਕਿਹਾ ਕਿ ਉਹ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾ ਰਿਹਾ ਸੀ, ਜਿਸ ਦੌਰਾਨ ਉਸ ਦੀ ਪਤਨੀ ਨੇ ਉਸ ਦੀ ਧੀ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਿਤਾ ਅਨੁਸਾਰ, ਇਸ ਘਟਨਾ ਬਾਰੇ ਜਾਣਕਾਰੀ ਮਿਲਣ ਮਗਰੋਂ ਉਸ ਨੇ ਖੁਦ ਬਾਲ ਸੁਰੱਖਿਆ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਬੱਚੀ ਦੇ ਪਿਤਾ ਨੇ ਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਉਸ ਦੀ ਧੀ ਸੁਰੱਖਿਅਤ ਅਤੇ ਠੀਕ ਹਾਲਤ ਵਿੱਚ ਉਸ ਨੂੰ ਵਾਪਸ ਮਿਲ ਗਈ ਹੈ। ਉਸ ਨੇ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ।
ਜ਼ਿਕਰਯੋਗ ਹੈ ਕਿ ਬੱਚੀ ਦੇ ਮਾਤਾ-ਪਿਤਾ ਨੇ ਆਪਣੇ ਪਰਿਵਾਰਾਂ ਦੀ ਮਰਜ਼ੀ ਦੇ ਖ਼ਿਲਾਫ਼ ਵਿਆਹ ਕਰਵਾਇਆ ਸੀ। ਫਿਲਹਾਲ ਪੁਲਿਸ ਅਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਵਿਭਾਗ ਨੇ ਬੱਚੀ ਨੂੰ ਪਿਤਾ ਨੂੰ ਸੌਂਪਿਆ
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਮਸੂਮ ਬੱਚੀ ਦੇ ਪਿਤਾ ਨੇ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਭੇਜੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਦੀ ਟੀਮ ਨੂੰ ਨਾਲ ਲੈ ਕੇ ਛਾਪੇਮਾਰੀ ਕਰਕੇ ਬੱਚੀ ਨੂੰ ਰੈਸਕਿਊ ਕਰਕੇ ਉਸਦੇ ਪਿਤਾ ਨੂੰ ਸੌਂਪ ਦਿੱਤਾ ਗਿਆ ਹੈ।
ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਪੀੜਤ ਬੱਚੀ ਦੀ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
- PTC NEWS