Navneet Chaturvedi ਦੀ ਗ੍ਰਿਫਤਾਰੀ ਨੂੰ ਲੈ ਕੇ ਰੋਪੜ ਪੁਲਿਸ ਤੇ ਚੰਡੀਗੜ੍ਹ ਪੁਲਿਸ ਆਹਮੋ -ਸਾਹਮਣੇ , ਰਾਜ ਸਭਾ ਚੋਣ ਲਈ ਨਾਮਜ਼ਦਗੀ ਵੀ ਰੱਦ
Navneet Chaturvedi Case : ਰਾਜ ਸਭਾ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ 10 ਵਿਧਾਇਕਾਂ ਦੇ ਕਥਿਤ ਤੌਰ ਉਤੇ ਜਾਅਲੀ ਦਸਤਖਤ ਕਰਕੇ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਜੈਪੁਰ ਦੇ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਲਈ ਰੋਪੜ ਪੁਲਿਸ ਚੰਡੀਗੜ੍ਹ ਪਹੁੰਚ ਗਈ ਹੈ। ਚੰਡੀਗੜ੍ਹ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਇਸ ਤਰ੍ਹਾਂ ਰੂਪਨਗਰ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਆਹਮੋ-ਸਾਹਮਣੇ ਹੋ ਗਈ ਹੈ।
ਦਰਅਸਲ 'ਚ ਰੋਪੜ ਸਿਟੀ ਪੁਲਿਸ ਸਟੇਸ਼ਨ ਵਿੱਚ ਨਵਨੀਤ ਚਤੁਰਵੇਦੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਐਸਪੀ ਰੋਪੜ ਅਤੇ ਡੀਐਸਪੀ ਰੋਪੜ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਲਈ ਚੰਡੀਗੜ੍ਹ ਪੁਲਿਸ ਮੁੱਖ ਦਫ਼ਤਰ ਦੇ ਬਾਹਰ ਪੁੱਜ ਗਏ ਹਨ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ। ਇਸ ਦੌਰਾਨ ਰੋਪੜ ਪੁਲਿਸ ਤੇ ਚੰਡੀਗੜ੍ਹ ਪੁਲਿਸ ਵਿਚਾਲੇ ਕਾਫ਼ੀ ਬਹਿਸਬਾਜ਼ੀ ਵੀ ਹੋਈ ਹੈ।
ਜਦੋਂ ਨਵਨੀਤ ਚੁਤਰਵੇਦੀ ਦੀ ਗੱਡੀ ਪੰਜਾਬ ਵਿਧਾਨ ਸਭਾ ਤੋਂ ਨਿਕਲੀ ਤਾਂ ਪੰਜਾਬ ਪੁਲਿਸ ਦੀ ਗੱਡੀ ਨੇ ਸੁਖਨਾ ਲੇਕ ਕੋਲ ਆਕੇ ਚੰਡੀਗੜ੍ਹ ਪੁਲਿਸ ਦੀ ਗੱਡੀ ਨੂੰ ਘੇਰਾ ਪਾ ਲਿਆ ਅਤੇ ਨਵਨੀਤ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਾਫੀ ਬਹਿਸ ਹੋਈ। ਇਸ ਤੋਂ ਪਹਿਲਾਂ ਨਵਨੀਤ ਚਤੁਰਵੇਦੀ ਦੇ ਰਾਜ ਸਭਾ ਚੋਣ ਲਈ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਇਸ ਮਗਰੋਂ ਚਤੁਰਵੇਦੀ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣਗੇ।
ਕੀ ਹੈ ਪੂਰਾ ਮਾਮਲਾ
ਨਵਨੀਤ ਚਤੁਰਵੇਦੀ ਨਾਮਕ ਸ਼ਖਸ ਦੇ ਖਿਲਾਫ਼ ਅਲੱਗ-ਅਲੱਗ ਪੁਲਿਸ ਥਾਣਿਆਂ ‘ਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਉਸ ‘ਤੇ ਨਾਮਜ਼ਦਗੀ ਪੱਤਰ ‘ਚ ਵਿਧਾਇਕਾਂ ਦੇ ਜਾਅਲੀ ਦਸਤਖ਼ਤ ਤੇ ਮੋਹਰ ਲਗਾ ਕੇ ਖੁਦ ਦਾ ਪ੍ਰਸਤਵਾਕ ਬਣਾਉਣ ਦਾ ਇਲਜ਼ਾਮ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਰਾਜ ਸਭਾ ਜ਼ਿਮਨੀ ਚੋਣ ਲਈ 24 ਅਕਤੂਬਰ ਨੂੰ ਵੋਟਿੰਗ ਹੋਵੇਗੀ। ਅਜਿਹੇ ‘ਚ ਨਵਨੀਤ ਚਤੁਰਵੇਦੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ, ਜਿਸ ‘ਚ ਕਈ ਵਿਧਾਇਕਾਂ ਨੇ ਨਾਮ ਉਸ ਦੇ ਪ੍ਰਸਤਾਵਕ ਵਜੋਂ ਸ਼ਾਮਲ ਸੀ। ਨਵਨੀਤ ਨੇ ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਹੋਣ ਦਾ ਦਾਅਵਾ ਕਰਦੇ ਹੋਏ ਇਹ ਧੋਖਾਧੜੀ ਕੀਤੀ ਹੈ।
24 ਅਕਤੂਬਰ ਨੂੰ ਹੋਣੀ ਹੈ ਵੋਟਿੰਗ
ਦੱਸ ਦੇਈਏ ਕਿ ਪੰਜਾਬ ਰਾਜ ਸਭਾ ਜ਼ਿਮਨੀ ਚੋਣ ਲਈ 6 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਨਾਮਜ਼ਦਗੀ ਲਈ ਆਖਿਰੀ ਤਾਰੀਖ 13 ਅਕਤੂਬਰ ਰੱਖੀ ਗਈ ਸੀ, ਜਦਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ 14 ਅਕਤੂਬਰ ਨੂੰ ਹੋਵਗੀ। 16 ਅਕਤੂਬਰ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ। ਇਸ ਤੋਂ ਬਾਅਦ 24 ਅਕਤੂਬਰ ਨੂੰ ਵੋਟਿੰਗ ਹੋਵੇਗੀ ਤੇ ਇਸੇ ਦਿਨ ਵੋਟਿੰਗ ਦੀ ਗਿਣਤੀ ਵੀ ਹੋਵੇਗੀ।
- PTC NEWS