Moga ਦੇ ਸਿਵਲ ਹਸਪਤਾਲ 'ਚ ਮੈਡੀਸਨ ਰੂਮ 'ਚੋਂ ਲਗਭਗ ਬਿਊਪਰੇਨੋਰਫਾਈਨ ਦੀਆਂ 11,000 ਗੋਲੀਆਂ ਚੋਰੀ
Moga News : ਮੋਗਾ ਦੇ ਸਿਵਲ ਹਸਪਤਾਲ ਵਿੱਚ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦੀਵਾਲੀ ਦੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਹਸਪਤਾਲ ਦੇ ਮੈਡੀਸਨ ਰੂਮ ਵਿੱਚੋਂ ਲਗਭਗ ਬਿਊਪਰੇਨੋਰਫਾਈਨ 0.2 ਐਮਜੀ ਦੀਆਂ ਲੱਗਭਗ 11,000 ਗੋਲੀਆਂ ਚੋਰੀ ਕਰ ਲਈਆਂ ਹਨ। ਚੋਰੀ ਦੀ ਇਹ ਵਾਰਦਾਤ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰ ਇੱਕ ਖਿੜਕੀ ਰਾਹੀਂ ਸਟੋਰਰੂਮ ਵਿੱਚ ਦਾਖਲ ਹੋਏ ਅਤੇ ਸਟੋਰਰੂਮ ਦੀ ਅਲਮਾਰੀ ਤੋੜ ਕੇ ਦਵਾਈਆਂ ਚੋਰੀ ਕਰਕੇ ਭੱਜ ਗਏ।
ਇਹ ਦਵਾਈ ਨਸ਼ੇ ਦੇ ਆਦੀ ਮਰੀਜ਼ਾਂ ਦੇ ਇਲਾਜ ਲਈ ਦਿੱਤੀ ਜਾਂਦੀ ਹੈ ਅਤੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਨੂੰ ਸਪਲਾਈ ਕੀਤੀ ਜਾਂਦੀ ਹੈ। ਇਹ ਘਟਨਾ 20 ਅਕਤੂਬਰ ਦੀ ਰਾਤ ਨੂੰ ਵਾਪਰੀ ਅਤੇ 21 ਅਕਤੂਬਰ ਦੀ ਸਵੇਰ ਨੂੰ ਸਟੋਰ ਖੁੱਲ੍ਹਣ 'ਤੇ ਸਾਹਮਣੇ ਆਈ। ਦਵਾਈ ਸਟੋਰ ਇੰਚਾਰਜ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਡੀਐਸਪੀ ਸਿਟੀ ਅਤੇ ਸਿਟੀ ਸਾਊਥ ਪੁਲਿਸ ਸਟੇਸ਼ਨ ਦੀ ਇੱਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਜ਼ਿਕਰਯੋਗ ਹੈ ਕਿ ਲਗਭਗ ਇੱਕ ਮਹੀਨਾ ਪਹਿਲਾਂ ਹੀ ਇੱਕ ਖਸਤਾ ਹਾਲਤ ਬਿਲਡਿੰਗ ਵਿੱਚ ਚੱਲ ਰਹੇ ਮੈਡੀਕਲ ਸਟੋਰ ਨੂੰ ਹਸਪਤਾਲ ਦੇ ਏਐਨਐਮ ਸਕੂਲ ਦੇ ਹਾਲ ਵਿੱਚ ਸਿਫਟ ਕੀਤਾ ਗਿਆ ਸੀ। ਇਸ ਚੋਰੀ ਵਿੱਚ ਸਿਰਫ਼ ਬਿਊਪਰੇਨੋਰਫਾਈਨ ਗੋਲੀਆਂ ਸ਼ਾਮਲ ਸਨ ਅਤੇ ਇਹ ਚੋਰੀ ਬਹੁਤ ਹੀ ਸੁਚੱਜੇ ਅਤੇ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਸੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼ੱਕੀਆਂ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਮੋਗਾ ਸਿਟੀ ਸਾਊਥ ਦੇ ਐਸਐਚਓ ਨੇ ਦੱਸਿਆ ਕਿ 20 ਅਕਤੂਬਰ ਦੀ ਰਾਤ ਨੂੰ ਮੋਗਾ ਸਿਵਲ ਹਸਪਤਾਲ ਦੇ ਦਵਾਈ ਸਟੋਰ ਤੋਂ 11,000 ਬਿਊਪਰੇਨੋਰਫਾਈਨ ਗੋਲੀਆਂ ਚੋਰੀ ਹੋਣ ਦੀ ਸ਼ਿਕਾਇਤ ਮਿਲੀ ਸੀ। ਸੂਚਨਾ ਮਿਲਣ 'ਤੇ ਇੱਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਸ਼ੱਕੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
- PTC NEWS