NEET ਪ੍ਰੀਖਿਆ ’ਚ ਗੜਬੜੀ ਦਾ ਮਾਮਲਾ ਪਹੁੰਚਿਆ ਹਾਈਕੋਰਟ; ਦੋ ਰੋਲ ਨੰਬਰਾਂ ਤੇ ਵੱਖ-ਵੱਖ ਅੰਕਾਂ ਨੂੰ ਲੈ ਕੇ ਪਟੀਸ਼ਨ ਦਾਇਰ
ਨੀਟ ਪ੍ਰੀਖਿਆ ਨਾਲ ਜੁੜਿਆ ਇੱਕ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਗਿਆ ਹੈ। ਦੱਸ ਦਈਏ ਕਿ ਪਟੀਸ਼ਨਕਰਤਾ ਦੀ ਪੱਖੋਂ ਪੇਸ਼ ਹੋਏ ਵਕੀਲ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਇੱਕ ਵਿਦਿਆਰਥਣ ਨਾਲ ਸਬੰਧਤ ਰਿਕਾਰਡ ਵਿੱਚ ਗੰਭੀਰ ਗੜਬੜੀਆਂ ਸਾਹਮਣੇ ਆਈਆਂ ਹਨ।
ਰਿਕਾਰਡ ਵਿੱਚ ਗੰਭੀਰ ਗੜਬੜੀਆਂ ਨੂੰ ਲੈ ਕੇ ਪਟੀਸ਼ਨ ਦਾਇਰ
ਵਕੀਲ ਅਨੁਸਾਰ, ਵਿਦਿਆਰਥਣ ਨਾਲ ਸਬੰਧਤ ਦੋ ਵੱਖ-ਵੱਖ ਰੋਲ ਨੰਬਰਾਂ ਦਾ ਮਾਮਲਾ ਸਾਹਮਣੇ ਆਇਆ ਹੈ। ਪਟੀਸ਼ਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਇੱਕ ਰਿਕਾਰਡ ਵਿੱਚ ਵਿਦਿਆਰਥਣ ਦੇ 715 ਅੰਕ ਦਰਸਾਏ ਗਏ, ਜਦਕਿ ਬਾਅਦ ਵਿੱਚ ਸਾਹਮਣੇ ਆਏ ਦੂਜੇ ਰਿਕਾਰਡ ਵਿੱਚ ਉਸੇ ਵਿਦਿਆਰਥਣ ਦੇ 160 ਅੰਕ ਦਰਜ ਕੀਤੇ ਗਏ।
ਵਕੀਲ ਨੇ ਅਦਾਲਤ ਅੱਗੇ ਦਿੱਤੀ ਇਹ ਦਲੀਲ
ਵਕੀਲ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਜੇਕਰ ਉਮੀਦਵਾਰ ਦਾ ਬੁੱਕ ਨੰਬਰ ਅਤੇ ਹੋਰ ਵੇਰਵੇ ਇੱਕੋ ਹਨ, ਤਾਂ ਇੱਕੋ ਪ੍ਰੀਖਿਆ ਲਈ ਦੋ ਵੱਖ-ਵੱਖ ਰੋਲ ਨੰਬਰ ਅਤੇ ਦੋ ਵੱਖ-ਵੱਖ ਨਤੀਜੇ ਕਿਵੇਂ ਹੋ ਸਕਦੇ ਹਨ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਕਿ ਐਨਟੀਏ ਦੇ ਅਧਿਕਾਰੀਆਂ ਕੋਲ ਪੇਸ਼ ਹੋਣ 'ਤੇ ਵੀ ਵੱਖਰਾ ਰਿਕਾਰਡ ਮੁਹੱਈਆ ਕਰਵਾਇਆ ਗਿਆ, ਜਿਸ ਕਾਰਨ ਮਾਮਲੇ 'ਤੇ ਹੋਰ ਸਵਾਲ ਖੜ੍ਹੇ ਹੋਏ ਹਨ।
ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ
ਵਕੀਲ ਨੇ ਹਾਈਕੋਰਟ ਤੋਂ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੌਰਾਨ ਸੰਬੰਧਿਤ ਧਿਰਾਂ ਤੋਂ ਜਵਾਬ ਮੰਗਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਫਿਲਹਾਲ ਮਾਮਲੇ ਵਿੱਚ ਅੰਤਿਮ ਫ਼ੈਸਲਾ ਆਉਣਾ ਬਾਕੀ ਹੈ ਅਤੇ ਐਨਟੀਏ ਵੱਲੋਂ ਇਨ੍ਹਾਂ ਦਾਅਵਿਆਂ ਬਾਰੇ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਜਾਣਾ ਹੈ।
- PTC NEWS