ਆਪਸ 'ਚ ਭਿੜੇ ਗੁਆਂਢੀ; ਇੱਕ ਨੇ ਅੱਖਾਂ 'ਚ ਪਾਇਆ ਲਾਲ ਮਿਰਚ ਪਾਊਡਰ; ਦੂਜੇ ਨੇ ਬਾਲਟੀ ਨਾਲ ਕੀਤਾ ਹਮਲਾ
ਲੁਧਿਆਣਾ: ਸ਼ਹਿਰ ਦੇ ਇੱਕ ਬਜ਼ੁਰਗ ਭੈਣ-ਭਰਾ ਦੇ ਘਰੇ ਗੁਆਂਢੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਦਾ ਇਲਜ਼ਾਮ ਹੈ ਕਿ ਗੁਆਂਢੀ ਉਨ੍ਹਾਂ ਦੇ ਘਰ ਸਸਤੇ ਭਾਅ ’ਤੇ ਖਰੀਦਣਾ ਚਾਹੁੰਦੇ ਹਨ। ਗੁਆਂਢੀ ਚਾਹੁੰਦੇ ਹਨ ਕਿ ਉਹ ਆਪਣਾ ਘਰ ਵੇਚ ਕੇ ਇਲਾਕਾ ਛੱਡ ਦੇਣ। ਇਸੇ ਰੰਜਿਸ਼ ਕਾਰਨ ਉਹ ਅਕਸਰ ਉਨ੍ਹਾਂ ਨਾਲ ਬਹਿਸ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਗੁਆਂਢੀਆਂ ਨੇ ਉਨ੍ਹਾਂ 'ਤੇ ਲੋਹੇ ਦੀਆਂ ਬਾਲਟੀਆਂ ਨਾਲ ਵੀ ਹਮਲਾ ਕੀਤਾ, ਜਿਸ ਦੀ ਵੀਡੀਓ ਵੀ ਸਾਹਮਣੇ ਆ ਚੁਕੀ ਹੈ।
ਬਚਾਅ ਲਈ ਗੁਆਂਢੀਆਂ 'ਤੇ ਸੁੱਟਿਆ ਲਾਲ ਮਿਰਚ ਪਾਊਡਰ
ਇਸ ਮਾਮਲੇ 'ਚ ਇਹ ਵੀ ਦੱਸਣਯੋਗ ਹੈ ਕਿ ਬਜ਼ੁਰਗ ਵਿਅਕਤੀ ਨੇ ਪਹਿਲਾਂ ਗੁਆਂਢੀਆਂ ਦੀਆਂ ਅੱਖਾਂ 'ਚ ਵੀ ਲਾਲ ਮਿਰਚਾਂ ਸੁੱਟੀਆਂ ਸਨ। ਇਸ ਤੋਂ ਬਾਅਦ ਉਸ ਨੇ ਲੋਹੇ ਦੀ ਬਾਲਟੀ ਨਾਲ ਹਮਲਾ ਕਰ ਦਿੱਤਾ। ਬਜ਼ੁਰਗ ਔਰਤ ਪ੍ਰਵੇਸ਼ ਦੇ ਭਰਾ ਨੇ ਦੱਸਿਆ ਕਿ ਜਦੋਂ ਗੁਆਂਢੀ ਵਾਰ-ਵਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ ਤਾਂ ਉਸ ਨੇ ਆਪਣੇ ਬਚਾਅ ਲਈ ਉਨ੍ਹਾਂ 'ਤੇ ਲਾਲ ਮਿਰਚ ਪਾਊਡਰ ਪਾ ਦਿੱਤਾ।
ਘਰ ਦੇ ਬਾਹਰ ਗਾਲ੍ਹਾਂ ਕੱਢਣ ਨੂੰ ਲੈ ਕੇ ਵਿਵਾਦ
ਪੀੜਤ ਬਜ਼ੁਰਗ ਔਰਤ ਪ੍ਰਵੇਸ਼ ਨੇ ਦੱਸਿਆ ਕਿ ਉਹ ਸਲੇਮ ਟਾਬਰੀ ਖਜੂਰ ਚੌਕ ਵਿੱਚ ਆਪਣੇ ਭਰਾ ਨਾਲ ਰਹਿੰਦੀ ਹੈ। ਉਸਦਾ ਭਰਾ ਘਰ ਦੇ ਵਿਹੜੇ ਵਿੱਚ ਕੋਈ ਕੰਮ ਕਰ ਰਿਹਾ ਸੀ। ਅਚਾਨਕ ਗੁਆਂਢੀ ਨੌਜਵਾਨ ਘਰ ਦੇ ਬਾਹਰ ਖੜ੍ਹਾ ਹੋ ਗਿਆ ਅਤੇ ਗਾਲ੍ਹਾਂ ਕੱਢਣ ਲੱਗ ਪਿਆ। ਜਦੋਂ ਉਸ ਦੇ ਭਰਾ ਅਤੇ ਉਸ ਨੇ ਗੁਆਂਢੀਆਂ ਤੋਂ ਗਾਲ੍ਹਾਂ ਕੱਢਣ ਦਾ ਕਾਰਨ ਪੁੱਛਿਆ ਤਾਂ ਨੌਜਵਾਨ ਦੇ ਦੋਸਤਾਂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਹੀ ਦੇਰ 'ਚ ਉਕਤ ਨੌਜਵਾਨ ਨੇ ਬਾਲਟੀਆਂ ਨਾਲ ਉਸ ਦੇ ਘਰ 'ਤੇ ਹਮਲਾ ਕਰ ਦਿੱਤਾ
ਬਜ਼ੁਰਗ ਦੇ ਪੇਟ 'ਤੇ ਬਾਲਟੀ ਦੇ ਨਿਸ਼ਾਨ
ਪੀੜਤ ਬਜ਼ੁਰਗ ਔਰਤ ਪ੍ਰਵੇਸ਼ ਨੇ ਦੱਸਿਆ ਕਿ ਗੁਆਂਢੀ ਨੌਜਵਾਨਾਂ ਨੇ ਉਸ ਨੂੰ ਬਾਲਟੀ ਨਾਲ ਕੁੱਟਿਆ ਅਤੇ ਉਸ ਦੇ ਢਿੱਡ ’ਤੇ ਸੱਟਾਂ ਮਾਰੀਆਂ। ਇਹ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਕਿਸੇ ਤਰ੍ਹਾਂ ਉਸ ਨੇ ਘਰ ਦਾ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ। ਪ੍ਰਵੇਸ਼ ਮੁਤਾਬਕ ਗੁਆਂਢੀ ਕਈ ਸਾਲਾਂ ਤੋਂ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਰਹੇ ਹਨ। ਪੀੜਤਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਇਸ ਸਬੰਧੀ ਉਹ ਕਈ ਵਾਰ ਥਾਣਾ ਸਲੇਮ ਟਾਬਰੀ ਵਿੱਚ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ ਪਰ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਕਦੇ ਵੀ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਪੀੜਤ ਬਜ਼ੁਰਗਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਰੋਜ਼ਾਨਾ ਕੁੱਟਮਾਰ ਕਰਨ ਵਾਲੇ ਗੁਆਂਢੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
- PTC NEWS