Nikki Haley Cautions Trump : ਅਮਰੀਕਾ-ਭਾਰਤ ਸਬੰਧ ਟੁੱਟਣ ਦੀ ਕਗਾਰ ’ਤੇ... ਨਿੱਕੀ ਹੇਲੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ
Nikki Haley Cautions Trump : ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਭਾਰਤ-ਅਮਰੀਕਾ ਸਬੰਧਾਂ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਲਗਭਗ ਟੁੱਟਣ ਦੇ ਕੰਢੇ 'ਤੇ ਹਨ ਅਤੇ ਜੇਕਰ ਅਮਰੀਕਾ ਨੂੰ ਚੀਨ ਦੀਆਂ ਵਿਸ਼ਵਵਿਆਪੀ ਇੱਛਾਵਾਂ ਨੂੰ ਰੋਕਣਾ ਹੈ, ਤਾਂ ਉਸਨੂੰ ਯਕੀਨੀ ਤੌਰ 'ਤੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਦੁਬਾਰਾ ਮਜ਼ਬੂਤ ਕਰਨਾ ਹੋਵੇਗਾ। ਨਿੱਕੀ ਹੇਲੀ ਨੇ ਇਹ ਟਿੱਪਣੀ ਨਿਊਜ਼ਵੀਕ ਵਿੱਚ ਪ੍ਰਕਾਸ਼ਿਤ ਆਪਣੇ ਲੇਖ ਵਿੱਚ ਕੀਤੀ, ਜਿਸ ਵਿੱਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੁਆਰਾ ਭਾਰਤ 'ਤੇ ਲਗਾਏ ਗਏ ਟੈਰਿਫ ਦੀ ਆਲੋਚਨਾ ਕੀਤੀ।
ਅਮਰੀਕਾ ਨੇ ਰੂਸੀ ਤੇਲ ਖਰੀਦਣ ਲਈ ਭਾਰਤ 'ਤੇ 25% ਵਾਧੂ ਟੈਰਿਫ ਲਗਾਇਆ ਹੈ, ਜਦਕਿ 25 ਫੀਸਦ ਟੈਰਿਫ ਇਸ ਤੋਂ ਵੱਖਰਾ ਹੈ। ਇਸ ਤਰ੍ਹਾਂ, ਅਮਰੀਕਾ ਨੇ ਭਾਰਤ 'ਤੇ ਕੁੱਲ 50 ਪ੍ਰਤੀਸ਼ਤ ਟੈਰਿਫ ਲਗਾਇਆ ਹੈ।
ਨਿੱਕੀ ਹੇਲੀ ਨੇ ਲਿਖਿਆ ਕਿ ਅਮਰੀਕਾ ਨੂੰ ਭਾਰਤ ਨੂੰ ਚੀਨ ਵਾਂਗ ਦੁਸ਼ਮਣ ਨਹੀਂ ਸਮਝਣਾ ਚਾਹੀਦਾ। ਭਾਰਤ ਇੱਕ ਸੁਤੰਤਰ ਅਤੇ ਲੋਕਤੰਤਰੀ ਭਾਈਵਾਲ ਹੈ, ਜਿਸਨੂੰ ਅਮਰੀਕਾ ਨੂੰ ਹਰ ਹਾਲਤ ਵਿੱਚ ਤਰਜੀਹ ਦੇਣੀ ਚਾਹੀਦੀ ਹੈ। ਚੀਨ ਵਾਂਗ ਭਾਰਤ 'ਤੇ ਪਾਬੰਦੀਆਂ ਲਗਾਉਣਾ ਰਣਨੀਤਕ ਦ੍ਰਿਸ਼ਟੀਕੋਣ ਤੋਂ ਬਹੁਤ ਨੁਕਸਾਨਦੇਹ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਭਾਰਤ ਨਾਲ 25 ਸਾਲਾਂ ਦੇ ਰਣਨੀਤਕ ਸਬੰਧਾਂ ਨੂੰ ਵਿਗਾੜਦਾ ਹੈ, ਤਾਂ ਇਹ ਇੱਕ ਰਣਨੀਤਕ ਆਫ਼ਤ ਸਾਬਤ ਹੋਵੇਗਾ।
ਇਸ ਤੋਂ ਇਲਾਵਾ ਨਿੱਕੀ ਹੇਲੀ ਨੇ ਭਾਰਤ ਨੂੰ ਇੱਕ ਅਜਿਹਾ ਦੇਸ਼ ਦੱਸਿਆ ਜੋ ਅਮਰੀਕਾ ਦੀ ਸਪਲਾਈ ਚੇਨ ਨੂੰ ਚੀਨ ਤੋਂ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕੱਪੜਾ, ਸਸਤੇ ਮੋਬਾਈਲ ਫੋਨ ਅਤੇ ਸੋਲਰ ਪੈਨਲ ਵਰਗੇ ਪ੍ਰਮੁੱਖ ਉਤਪਾਦਾਂ ਲਈ ਚੀਨ ਵਾਂਗ ਉਤਪਾਦਨ ਕੇਂਦਰ ਬਣ ਸਕਦਾ ਹੈ। ਰੱਖਿਆ ਖੇਤਰ ਵਿੱਚ ਭਾਰਤ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਅਤੇ ਇਸਦੇ ਸਹਿਯੋਗੀਆਂ ਲਈ ਇੱਕ ਮਹੱਤਵਪੂਰਨ ਬਾਜ਼ਾਰ ਹੈ ਅਤੇ ਮੱਧ ਪੂਰਬ ਵਿੱਚ ਇਸਦੀ ਵਧਦੀ ਭੂਮਿਕਾ ਖੇਤਰੀ ਸਥਿਰਤਾ ਵਿੱਚ ਮਦਦ ਕਰ ਸਕਦੀ ਹੈ।
ਕਾਬਿਲੇਗੌਰ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਭਾਰਤ-ਅਮਰੀਕਾ ਸਬੰਧਾਂ ਵਿੱਚ ਤਣਾਅ ਵਧਿਆ ਹੈ। ਦਰਅਸਲ, ਟਰੰਪ ਪ੍ਰਸ਼ਾਸਨ ਨੇ ਰੂਸੀ ਤੇਲ ਖਰੀਦਣ ਲਈ ਭਾਰਤ 'ਤੇ 25% ਵਾਧੂ ਟੈਰਿਫ ਲਗਾਇਆ ਹੈ। ਜਿੱਥੇ ਟਰੰਪ ਪਾਕਿਸਤਾਨ ਅਤੇ ਭਾਰਤ ਵਿਚਕਾਰ ਜੰਗਬੰਦੀ ਦਾ ਸਿਹਰਾ ਲੈ ਰਹੇ ਹਨ, ਉੱਥੇ ਭਾਰਤ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜੰਗਬੰਦੀ ਬਿਨਾਂ ਕਿਸੇ ਵਿਚੋਲਗੀ ਦੇ ਪਾਕਿਸਤਾਨ ਦੀ ਬੇਨਤੀ ਤੋਂ ਬਾਅਦ ਹੀ ਕੀਤੀ ਗਈ ਸੀ।
- PTC NEWS