Thu, Oct 29, 2026
Whatsapp

ਖੁੱਲ੍ਹੇਆਮ ਵਿਕ ਰਹੇ ਪੋਟਾਸ਼ ਦੀ ਵਿਕਰੀ ਘਿਰੀ ਸਵਾਲਾਂ 'ਚ, ਘਰ ’ਚ ਧਮਾਕੇ ਨਾਲ ਮਾਂ ਤੇ 2 ਬੱਚੇ ਜ਼ਖ਼ਮੀ

ਦੁਕਾਨਾਂ ’ਤੇ ਖੁੱਲ੍ਹੇ ਪੋਟਾਸ਼ ਦੀ ਵਿਕਰੀ ਦੇ ਦਾਅਵੇ, ਪ੍ਰਸ਼ਾਸਨ ਦੀ ਨਿਗਰਾਨੀ ’ਤੇ ਉੱਠੇ ਗੰਭੀਰ ਸਵਾਲ

Reported by:  PTC News Desk  Edited by:  Jaswinder Kaur -- October 29th 2026 02:14 PM
ਖੁੱਲ੍ਹੇਆਮ ਵਿਕ ਰਹੇ ਪੋਟਾਸ਼ ਦੀ ਵਿਕਰੀ ਘਿਰੀ ਸਵਾਲਾਂ 'ਚ, ਘਰ ’ਚ ਧਮਾਕੇ ਨਾਲ ਮਾਂ ਤੇ 2 ਬੱਚੇ ਜ਼ਖ਼ਮੀ

ਖੁੱਲ੍ਹੇਆਮ ਵਿਕ ਰਹੇ ਪੋਟਾਸ਼ ਦੀ ਵਿਕਰੀ ਘਿਰੀ ਸਵਾਲਾਂ 'ਚ, ਘਰ ’ਚ ਧਮਾਕੇ ਨਾਲ ਮਾਂ ਤੇ 2 ਬੱਚੇ ਜ਼ਖ਼ਮੀ

Claims of open sale of potash at shops :  ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਹਾਜੀਪੁਰ ਵਿੱਚ ਖੁੱਲ੍ਹੇਆਮ ਵਿਕਦੇ ਪੋਟਾਸ਼ ਨਾਲ ਪ੍ਰਸਾਸ਼ਨ 'ਤੇ ਸਵਾਲਿਆ ਨਿਸ਼ਾਨ ਖੜ੍ਹੇ ਹੁੰਦੇ ਹਨ। ਇਸ ਦੇ ਕਾਰਨ ਹੋਏ ਧਮਾਕੇ ਨੇ ਇੱਕ ਪਰਿਵਾਰ ਨੂੰ ਗੰਭੀਰ ਸੰਕਟ ਵਿੱਚ ਪਾ ਦਿੱਤਾ ਹੈ। ਜਾਣਕਾਰੀ ਮੁਤਾਬਕ 7 ਸਾਲ ਅਤੇ 14 ਸਾਲ ਦੇ 2 ਬੱਚੇ ਦੁਕਾਨ ਤੋਂ ਖੁੱਲ੍ਹਾ ਪੋਟਾਸ਼ ਲੈ ਕੇ ਆਏ ਸਨ। ਇਸ ਨੂੰ ਕੁੰਡੇ ਵਿੱਚ ਭਰਦੇ ਸਮੇਂ ਧਮਾਕਾ ਹੋ ਗਿਆ, ਜਿਸ ਦੀ ਲਪੇਟ ਵਿੱਚ ਮਾਂ ਅਤੇ ਦੋਵੇਂ ਬੱਚੇ ਆ ਗਏ। ਇੱਕ ਬੱਚੇ ਦੇ ਹੱਥ ਦਾ ਮਾਸ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਅੱਖਾਂ ਤੇ ਚਿਹਰੇ ’ਤੇ ਵੀ ਸੱਟਾਂ ਲੱਗੀਆਂ ਹਨ। ਹੁਣ ਸਵਾਲ ਇਹ ਹੈ ਕਿ ਨਾਬਾਲਗ ਬੱਚਿਆਂ ਤੱਕ ਇਹ ਸਮੱਗਰੀ ਕਿਵੇਂ ਪਹੁੰਚੀ ਅਤੇ ਕੀ ਪ੍ਰਸ਼ਾਸਨ ਵੱਲੋਂ ਇਸ ਦੀ ਵਿਕਰੀ ’ਤੇ ਕੋਈ ਨਿਗਰਾਨੀ ਨਹੀਂ ਕੀਤੀ ਜਾ ਰਹੀ ਹੈ ?

ਦਿਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ, ਬਾਜ਼ਾਰਾਂ ਵਿੱਚ ਰੌਣਕ ਵੱਧ ਰਹੀ ਹੈ ਅਤੇ ਲੋਕ ਪਟਾਕਿਆਂ ਦੀ ਖਰੀਦਦਾਰੀ ਕਰ ਰਹੇ ਹਨ। ਪਰ ਇਸੇ ਦੌਰਾਨ ਸੁਲਤਾਨਪੁਰ ਲੋਧੀ ਦੇ ਪਿੰਡ ਹਾਜੀਪੁਰ ਤੋਂ ਸਾਹਮਣੇ ਆਈ ਘਟਨਾ ਨੇ ਬੱਚਿਆਂ ਦੀ ਸੁਰੱਖਿਆ ਅਤੇ ਖੁੱਲ੍ਹੇ ਪੋਟਾਸ਼ ਦੀ ਵਿਕਰੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ 7 ਸਾਲ ਅਤੇ 14 ਸਾਲ ਦੇ ਦੋ ਬੱਚੇ ਦੁਕਾਨ ਤੋਂ ਖੁੱਲ੍ਹਾ ਪੋਟਾਸ਼ ਲੈ ਕੇ ਘਰ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਬੱਚੇ ਕਮਰੇ ਵਿੱਚ ਕੁੰਡੇ ਦੇ ਅੰਦਰ ਪੋਟਾਸ਼ ਦੀਆਂ ਡਲੀਆਂ ਭਰ ਰਹੇ ਸਨ। ਇਸ ਦੌਰਾਨ ਚੰਗਿਆੜੀ ਪੈਣ ਕਾਰਨ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਦੀ ਲਪੇਟ ਵਿੱਚ ਮਾਂ ਅਤੇ ਦੋਵੇਂ ਬੱਚੇ ਆ ਗਏ।

ਇਹ ਵੀ ਪੜ੍ਹੋ : 

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਭੁੱਚੋ ਮੰਡੀ ਵਿਖੇ ਇੱਕ ਗੋਦਾਮ 'ਚ ਛਾਪੇਮਾਰੀ, ਖਾਦਾਂ ਤੇ ਕੀਟਨਾਸ਼ਕਾਂ ਦੇ ਭੰਡਾਰ ਬਰਾਮਦ

ਇਸ ਹਾਦਸੇ ਵਿੱਚ ਇੱਕ ਬੱਚੇ ਦੇ ਹੱਥ ਦਾ ਮਾਸ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਅੱਖਾਂ ਅਤੇ ਚਿਹਰੇ ’ਤੇ ਵੀ ਸੱਟਾਂ ਲੱਗੀਆਂ। ਪਰਿਵਾਰ ਲਈ ਇਹ ਘਟਨਾ ਕਿਸੇ ਵੱਡੇ ਸਦਮੇ ਤੋਂ ਘੱਟ ਨਹੀਂ। ਜੇਕਰ ਧਮਾਕਾ ਹੋਰ ਵੀ ਭਿਆਨਕ ਹੁੰਦਾ, ਤਾਂ ਨਤੀਜੇ ਹੋਰ ਗੰਭੀਰ ਹੋ ਸਕਦੇ ਸਨ।

ਪਰ ਇਸ ਘਟਨਾ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੰਨੀ ਛੋਟੀ ਉਮਰ ਦੇ ਬੱਚਿਆਂ ਨੂੰ ਖੁੱਲ੍ਹਾ ਪੋਟਾਸ਼ ਕਿਵੇਂ ਮਿਲਿਆ? ਜੇਕਰ ਦੁਕਾਨਾਂ ਤੋਂ ਖੁੱਲ੍ਹੀ ਵਿਸਫੋਟਕ ਸਮੱਗਰੀ ਵੇਚੀ ਜਾ ਰਹੀ ਹੈ, ਤਾਂ ਕੀ ਸਬੰਧਤ ਵਿਭਾਗਾਂ ਨੂੰ ਇਸ ਦੀ ਜਾਣਕਾਰੀ ਹੈ? ਕੀ ਦੁਕਾਨਾਂ ਕੋਲ ਲੋੜੀਂਦੇ ਲਾਇਸੈਂਸ ਹਨ ਅਤੇ ਕੀ ਵਿਕਰੀ ਨਿਯਮਾਂ ਅਨੁਸਾਰ ਹੋ ਰਹੀ ਹੈ?

ਇੱਕ ਪਾਸੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਹਨ ਅਤੇ ਦੂਜੇ ਪਾਸੇ ਹੁਣ ਖੁੱਲ੍ਹੇ ਪੋਟਾਸ਼ ਦੀ ਵਿਕਰੀ ’ਤੇ ਵੀ ਨਿਗਰਾਨੀ ਦੀ ਲੋੜ ਮਹਿਸੂਸ ਹੋ ਰਹੀ ਹੈ। ਜੇਕਰ ਕੋਈ ਨਾਬਾਲਗ ਬੱਚਾ ਦੁਕਾਨ ਤੋਂ ਅਜਿਹੀ ਸਮੱਗਰੀ ਖਰੀਦ ਸਕਦਾ ਹੈ, ਤਾਂ ਇਹ ਜਾਂਚ ਦਾ ਵਿਸ਼ਾ ਹੈ ਕਿ ਇਸ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਕਿਹੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਇਹ ਸਿਰਫ਼ ਇੱਕ ਪਰਿਵਾਰ ਦਾ ਮਾਮਲਾ ਨਹੀਂ, ਸਗੋਂ ਆਮ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਸਵਾਲ ਹੈ। ਅਜਿਹੀ ਸਮੱਗਰੀ ਦੀ ਗਲਤ ਵਰਤੋਂ ਨਾਲ ਕਿਸੇ ਵੀ ਘਰ ਵਿੱਚ ਗੰਭੀਰ ਹਾਦਸਾ ਵਾਪਰ ਸਕਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਟਾਕਿਆਂ ਅਤੇ ਪੋਟਾਸ਼ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਦੀ ਜਾਂਚ ਕਰੇ, ਲਾਇਸੈਂਸ ਅਤੇ ਸਟੋਰੇਜ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਏ ਅਤੇ ਜੇਕਰ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕਰੇ।

ਇਸ ਦੇ ਨਾਲ ਹੀ ਪੀੜਤ ਪਰਿਵਾਰ ਨੂੰ ਇਲਾਜ ਲਈ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਬਾਲ ਸੁਰੱਖਿਆ ਵਿਭਾਗ ਨੂੰ ਮਾਮਲੇ ਦਾ ਜਾਇਜ਼ਾ ਲੈ ਕੇ ਲਾਗੂ ਸਰਕਾਰੀ ਸਕੀਮਾਂ ਅਨੁਸਾਰ ਸਹਾਇਤਾ ਦੀ ਸੰਭਾਵਨਾ ਦੀ ਜਾਂਚ ਕਰਨੀ ਚਾਹੀਦੀ ਹੈ।

ਦਿਵਾਲੀ ਖੁਸ਼ੀਆਂ ਦਾ ਤਿਉਹਾਰ ਹੈ, ਪਰ ਲਾਪਰਵਾਹੀ ਇਸ ਨੂੰ ਕਿਸੇ ਪਰਿਵਾਰ ਲਈ ਉਮਰ ਭਰ ਦਾ ਦਰਦ ਬਣਾ ਸਕਦੀ ਹੈ। ਪਿੰਡ ਹਾਜੀਪੁਰ ਦੀ ਇਹ ਘਟਨਾ ਮਾਪਿਆਂ ਲਈ ਵੀ ਚੇਤਾਵਨੀ ਹੈ ਕਿ ਬੱਚਿਆਂ ਨੂੰ ਖੁੱਲ੍ਹੇ ਪੋਟਾਸ਼ ਜਾਂ ਕਿਸੇ ਵੀ ਵਿਸਫੋਟਕ ਸਮੱਗਰੀ ਨਾਲ ਛੇੜਛਾੜ ਨਾ ਕਰਨ ਦਿੱਤੀ ਜਾਵੇ। ਪਰ ਸਿਰਫ਼ ਮਾਪਿਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦੇਣਾ ਹੀ ਕਾਫ਼ੀ ਨਹੀਂ। ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਇਹ ਯਕੀਨੀ ਬਣਾਉਣਾ ਪਵੇਗਾ ਕਿ ਵਿਕਰੀ ਦੇ ਨਿਯਮਾਂ ਦੀ ਪਾਲਣਾ ਹੋਵੇ ਅਤੇ ਖ਼ਤਰਨਾਕ ਸਮੱਗਰੀ ਬੱਚਿਆਂ ਦੀ ਪਹੁੰਚ ਤੋਂ ਦੂਰ ਰਹੇ। ਹੁਣ ਦੇਖਣਾ ਇਹ ਹੈ ਕਿ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਜਾਂਚ ਕਰਦਾ ਹੈ, ਜ਼ਿੰਮੇਵਾਰੀ ਤੈਅ ਕਰਦਾ ਹੈ ਅਤੇ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਉਂਦਾ ਹੈ ਜਾਂ ਨਹੀਂ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK