31k Teachers Posts Vacant in Punjab : ਪੰਜਾਬ ਦੇ ਸਕੂਲਾਂ ’ਚ ਅਧਿਆਪਕਾਂ ਦੀ ਭਾਰੀ ਘਾਟ ! 31 ਹਜ਼ਾਰ ਤੋਂ ਵੱਧ ਅਸਾਮੀਆਂ ਖਾਲੀ, ਇੱਥੇ ਦੇਖੋ ਲਿਸਟ
31000 Teachers Posts Vacant in Punjab : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਨੂੰ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਕਾਡਰਾਂ ਵਿੱਚ 31,370 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ।
ਸਵਾਲਾਂ ’ਚ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ
ਦੱਸ ਦਈਏ ਕਿ ਹਰਜੋਤ ਸਿੰਘ ਬੈਂਸ ਨੇ ਕਾਂਗਰਸੀ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸਦਨ ਵਿੱਚ ਇਹ ਅੰਕੜੇ ਪੇਸ਼ ਕੀਤੇ।
ਸਰਕਾਰੀ ਸਕੂਲਾਂ ’ਚ ਖਾਲੀ ਪਈਆਂ ਅਸਾਮੀਆਂ
ਪੰਜਾਬ ਵਿਧਾਨ ਸਭਾ ’ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰਤਾਪ ਸਿੰਘ ਬਾਜਵਾ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜ਼ਿਆਦਾਤਰ ਅਸਾਮੀਆਂ (20,378) ਮਾਸਟਰ ਕਾਡਰ (6ਵੀਂ ਤੋਂ 10ਵੀਂ ਜਮਾਤ ਲਈ) ਵਿੱਚ ਹਨ। ਹਾਲਾਂਕਿ, ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਅਸਾਮੀਆਂ ਮਾਸਟਰ ਕਾਡਰ ਵਿੱਚ ਤਰੱਕੀਆਂ 'ਤੇ ਅਦਾਲਤ ਦੀ ਪਾਬੰਦੀ ਕਾਰਨ ਖਾਲੀ ਹਨ, ਜਿਸ ਰੋਕ ਨੂੰ ਹੁਣ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਸਾਮੀਆਂ ਜਲਦੀ ਹੀ ਤਰੱਕੀਆਂ ਅਤੇ ਨਵੀਂ ਭਰਤੀਆਂ ਰਾਹੀਂ ਭਰੀਆਂ ਜਾਣਗੀਆਂ, ਜਿਸ ਦੇ ਨਤੀਜੇ ਵਜੋਂ 90% ਖਾਲੀ ਅਸਾਮੀਆਂ ਭਰ ਜਾਣਗੀਆਂ।

ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸਦਨ ਵਿੱਚ ਬੈਂਸ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, ਪ੍ਰਾਇਮਰੀ ਕਾਡਰ ਵਿੱਚ 7,259 ਅਸਾਮੀਆਂ ਖਾਲੀ ਹਨ, ਜਿਨ੍ਹਾਂ ਵਿੱਚ 4,627 ਈਟੀਟੀ ਅਸਾਮੀਆਂ, 657 ਮੁੱਖ ਅਧਿਆਪਕ, 221 ਸੈਂਟਰ ਹੈੱਡ ਟੀਚਰ ਅਤੇ 1,754 ਐਜੂਕੇਟਰ ਅਹੁਦੇ ਸ਼ਾਮਲ ਹਨ।
ਸਿੱਖਿਆ ਮੰਤਰੀ ਵੱਲੋਂ ਦਿੱਤੇ ਗਏ ਅੰਕੜੇ
ਮਾਸਟਰ ਕਾਡਰ ਵਿੱਚ, ਮਨਜੂਰ ਕੀਤੇ ਗਏ 59,513 ਅਸਾਮੀਆਂ ਵਿੱਚੋਂ 20,378 ਖਾਲੀ ਪਏ ਹਨ। ਲੈਕਚਰਾਰ ਸ਼੍ਰੇਣੀ (ਕਲਾਸਾਂ 11 ਅਤੇ 12) ਵਿੱਚ, 14,130 ਮਨਜੂਰ ਕੀਤੇ ਅਸਾਮੀਆਂ ਵਿੱਚੋਂ 3,733 ਖਾਲੀ ਹਨ।
ਡੀਟੀਐਫ ਨੇ ਦਿੱਤਾ ਬਿਆਨ
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਨੇ ਇੱਕ ਬਿਆਨ ਵਿੱਚ ਕਿਹਾ ਕਿ ਮੰਤਰੀ ਦਾ ਬਿਆਨ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅਖੌਤੀ "ਸਿੱਖਿਆ ਇਨਕਲਾਬ" ਦੀ ਸੱਚਾਈ ਨੂੰ ਉਜਾਗਰ ਕਰਦਾ ਹੈ।
ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌਰਵਾਲੀ ਨੇ ਕਿਹਾ ਕਿ 1,927 ਸੈਕੰਡਰੀ ਸਕੂਲਾਂ ਵਿੱਚ 1,100 ਤੋਂ ਵੱਧ ਪ੍ਰਿੰਸੀਪਲ ਅਸਾਮੀਆਂ ਦੀ ਖਾਲੀ ਥਾਂ ਵੀ ਸਿੱਖਿਆ ਇਨਕਲਾਬ ਦਾ ਮਜ਼ਾਕ ਹੈ।
ਵਿਰੋਧੀਆਂ ਦੇ ਨਿਸ਼ਾਨੇ ’ਤੇ ਪੰਜਾਬ ਸਰਕਾਰ ਤੇ ਸਿੱਖਿਆ ਕ੍ਰਾਂਤੀ
ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪੰਜਾਬ ਦੀ ਅਖੌਤੀ ਸਿੱਖਿਆ ਕ੍ਰਾਂਤੀ ਦੀ ਅਸਲੀਅਤ ਹੁਣ ਸਾਹਮਣੇ ਆ ਗਈ ਹੈ। ਅਧਿਆਪਕ ਹੀ ਨਹੀਂ, ਤਾਂ ਕ੍ਰਾਂਤੀ ਕੌਣ ਲਿਆ ਰਿਹਾ ਹੈ ?। ਇਨ੍ਹਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪੰਜਾਬ ਨੂੰ ਪ੍ਰਚਾਰ ਕ੍ਰਾਂਤੀ ਨਹੀਂ ਅਸਲ ਸਿੱਖਿਆ ਕ੍ਰਾਂਤੀ ਚਾਹੀਦੀ ਹੈ। ਪਹਿਲਾਂ ਖਾਲੀ ਅਸਾਮੀਆਂ ਭਰੋ ਫਿਰ ਕ੍ਰਾਂਤੀ ਦੇ ਦਾਅਵੇ ਕਰੋ।
ਲੋਕ ਸਭਾ ਵਿੱਚ ਬੇਰੁਜ਼ਗਾਰੀ ਦਰ ਦੇ ਪੇਸ਼ ਕੀਤੇ ਗਏ ਅੰਕੜੇ
ਦੂਜੇ ਪਾਸੇ ਜੇਕਰ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਨੌਜਵਾਨ ਬੇਰੁਜ਼ਗਾਰੀ ਦਰ ਵਿੱਚ ਕਮੀ ਆਈ ਹੈ, ਪਰ ਸੂਬਾ ਅਜੇ ਵੀ ਰਾਸ਼ਟਰੀ ਔਸਤ ਤੋਂ ਪਿੱਛੇ ਹੈ। ਕੇਂਦਰ ਸਰਕਾਰ ਨੇ ਸੋਮਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ 2022 ਵਿੱਚ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਬੇਰੁਜ਼ਗਾਰੀ ਦਰ 19.1 ਫੀਸਦ ਸੀ, ਜੋ ਕਿ 2025 ਵਿੱਚ ਘੱਟ ਕੇ 17 ਫੀਸਦ ਹੋ ਜਾਵੇਗੀ।
ਹਾਲਾਂਕਿ, ਇਹ ਦਰ ਅਜੇ ਵੀ ਰਾਸ਼ਟਰੀ ਔਸਤ 9.9 ਫੀਸਦ ਤੋਂ ਬਹੁਤ ਜ਼ਿਆਦਾ ਹੈ। ਕੇਂਦਰ ਨੇ ਇਹ ਵੀ ਮੰਨਿਆ ਕਿ ਪੰਜਾਬ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮੰਡਾਵੀਆ ਨੇ ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : Private School Fees : ਕੀ ਮਾਪਿਆਂ ਨੂੰ ਵਾਪਸ ਮਿਲੇਗੀ ਸਕੂਲਾਂ ਵੱਲੋਂ ਵਸੂਲੀ ਵੱਧ ਫ਼ੀਸ ? ਪੜ੍ਹੋ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਕੀ ਦਿੱਤਾ ਜਵਾਬ
- PTC NEWS