Machhiwara News : ਸੜਕ ਹਾਦਸੇ ਦਾ ਸ਼ਿਕਾਰ ਹੋਏ ਦੋ ਭਰਾ, ਜਵਾਨ ਪੁੱਤਾਂ ਦੇ ਇਲਾਜ ਲਈ ਝੋਲੀ ਅੱਡਣ ਲਈ ਮਜ਼ਬੂਰ ਹੋਏ ਮਾਪੇ
Machhiwara News : ਮਾਛੀਵਾੜਾ ਨੇੜਲੇ ਪਿੰਡ ਭੱਟੀਆਂ ਵਿਖੇ ਇੱਕ ਗਰੀਬ ਮਾਪਿਆਂ ਦੇ 2 ਨੌਜਵਾਨ ਪੁੱਤਰ ਸੜਕ ਹਾਦਸੇ ਵਿਚ ਪੂੁਰੀ ਤਰ੍ਹਾਂ ਅਪਾਹਿਜ ਅਤੇ ਜਖ਼ਮੀ ਹੋਏ ਪਏ ਹਨ ਜਿਨ੍ਹਾਂ ਦੇ ਇਲਾਜ ਲਈ ਲੱਖਾਂ ਰੁਪਏ ਦੀ ਲੋੜ ਹੈ ਪਰ ਕੋਲ ਪੈਸੇ ਨਾ ਹੋਣ ਕਾਰਨ ਉਨ੍ਹਾਂ ਨੇ ਦਾਨੀ ਸੱਜਣਾਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ।
ਪਿੰਡ ਭੱਟੀਆਂ ਦੀ ਵਾਸੀ ਮਾਤਾ ਨਿਰਮਲਾ ਨੇ ਦੱਸਿਆ ਕਿ ਉਸਦੇ ਦੋਵੇਂ ਨੌਜਵਾਨ ਪੁੱਤਰ ਬਿਕਰਮ ਤੇ ਵਿਸ਼ਾਲ ਲੰਘੀ 9 ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਆਪਣੇ ਦੋਸਤ ਹਰਦੇਵ ਸਿੰਘ ਨਾਲ ਮੱਥਾ ਟੇਕ ਕੇ ਕਾਰ ਰਾਹੀਂ ਵਾਪਸ ਪਰਤ ਰਹੇ ਸਨ। ਰਸਤੇ ਵਿਚ ਸ਼ਹਿਰ ਬਿਆਸ ਨੇੜ੍ਹੇ ਉਨ੍ਹਾਂ ਦੀ ਕਾਰ ਡਿਵਾਇਡਰ ਨਾਲ ਟਕਰਾ ਗਈ ਜਿਸ ਵਿਚ ਉਸਦੇ ਦੋਵੇਂ ਪੁੱਤਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਜਦਕਿ ਉਨ੍ਹਾਂ ਦਾ ਦੋਸਤ ਹਾਦਸੇ ਦੌਰਾਨ ਮੌਤ ਦੇ ਮੂੰਹ ਵਿਚ ਜਾ ਪਿਆ।
ਉਨ੍ਹਾਂ ਇਹ ਵੀ ਦੱਸਿਆ ਕਿ ਹਾਦਸੇ ਵਿਚ ਜਖ਼ਮੀ ਹੋਏ ਦੋਵੇਂ ਨੌਜਵਾਨ ਬਿਕਰਮ ਦੀਆਂ ਇਲਾਜ ਦੌਰਾਨ ਦੋਵੇਂ ਬਾਂਹਾ ਕੱਟਣੀਆਂ ਪਈਆਂ ਤੇ ਉਸਦੀ ਲੱਤ ਚਾਰ ਜਗ੍ਹਾ ਤੋਂ ਟੁੱਟ ਗਈ ਜਿਸ ਦਾ ਆਪ੍ਰੇਸ਼ਨ ਕਰ ਰਾਡ ਪਾਈ ਗਈ। ਦੂਸਰਾ ਪੁੱਤਰ ਵਿਸ਼ਾਲ ਦੀ ਚੂਲ੍ਹਾ ਟੁੱਟ ਗਿਆ ਜਿਸ ਦਾ ਆਪ੍ਰੇਸ਼ਨ ਕਰਵਾਉਣਾ ਪਿਆ ਅਤੇ ਰੀੜ ਦੀ ਹੱਡੀ ਦੇ ਮਣਕੇ ਟੁੱਟ ਹੋਏ ਹਨ ਜਿਸ ਕਾਰਨ ਉਹ ਬਿਸਤਰੇ ’ਤੇ ਪਏ ਹੋਣ ਕਾਰਨ ਚੱਲਣਾ ਫਿਰਨਾ ਤਾਂ ਦੂਰ ਉੱਠ ਕੇ ਬੈਠ ਵੀ ਨਹੀਂ ਸਕਦਾ। ਦੋਵੇਂ ਪੁੱਤਰਾਂ ਦੇ ਪਹਿਲੇ ਇਲਾਜ ਲਈ ਉਨ੍ਹਾਂ ਕੋਲ ਜੋ ਪੈਸੇ ਸਨ ਉਹ ਸਾਰੇ ਦਵਾਈਆਂ ਆਦਿ ’ਤੇ ਲੱਗ ਗਏ ਜਿਸ ਵਿਚ ਪਿੰਡ ਵਾਸੀਆਂ ਨੇ ਵੀ ਮਦਦ ਕੀਤੀ ਤਾਂ ਜਾ ਕੇ ਉਹ ਆਪਣੇ ਪੁੱਤਰਾਂ ਨੂੰ ਘਰ ਲੈ ਕੇ ਆਏ।

ਹੁਣ ਡਾਕਟਰਾਂ ਵਲੋਂ ਛੋਟੇ ਲੜਕੇ ਵਿਸ਼ਾਲ ਦੀ ਰੀੜ ਦੀ ਹੱਡੀ ਦਾ ਆਪ੍ਰੇਸ਼ਨ ਕਰਵਾਉਣ ਲਈ ਕਿਹਾ ਹੈ ਜਿਸ ਉੱਪਰ ਡੇਢ ਤੋਂ ਦੋ ਲੱਖ ਰੁਪਏ ਖਰਚਾ ਆਵੇਗਾ ਜਿਸ ਤੋਂ ਬਾਅਦ ਉਹ ਤੁਰਨ ਫਿਰਨ ਤੇ ਰੋਜ਼ਗਾਰ ਕਰਨ ਦੇ ਸਮਰੱਥ ਹੋਵੇਗਾ। ਮਾਤਾ ਨਿਰਮਲਾ ਨੇ ਦੱਸਿਆ ਕਿ ਉਸਦਾ ਇੱਕ ਪੁੱਤਰ ਫੈਕਟਰੀ ਤੇ ਦੂਜਾ ਦੁਕਾਨ ’ਤੇ ਨੌਕਰੀ ਕਰਦਾ ਸੀ ਜਿਸ ਤੋਂ ਬਾਅਦ ਪਰਿਵਾਰ ਦਾ ਪਾਲਣ ਪੋਸ਼ਣ ਹੁੰਦਾ ਸੀ ਪਰ ਹੁਣ ਦੋਵੇਂ ਹੀ ਅਪਾਹਿਜ ਹੋ ਕੇ ਬਿਸਤਰਿਆਂ ’ਤੇ ਪਏ ਹਨ ਤੇ ਰੋਜ਼ਾਨਾ ਦਵਾਈਆਂ ’ਤੇ ਖਰਚਾ ਹੋ ਰਿਹਾ ਹੈ। ਇਸ ਸਮੇਂ ਪਰਿਵਾਰ ਦੇ ਹਾਲਾਤ ਇਹ ਹਨ ਕਿ ਦਵਾਈਆਂ ਤੇ ਆਪ੍ਰੇਸ਼ਨ ਲਈ ਵੀ ਪੈਸੇ ਨਹੀਂ ਹਨ।
ਨਿਰਮਲਾ ਨੇ ਦੱਸਿਆ ਕਿ ਉਹ ਤੇ ਉਸਦਾ ਪਤੀ ਪਹਿਲਾਂ ਮਜ਼ਦੂਰੀ ਕਰਦੇ ਸਨ ਪਰ ਹੁਣ ਕੰਮਕਾਰ ਛੱਡ ਉਨ੍ਹਾਂ ਨੂੰ ਆਪਣੇ ਜਵਾਨ ਪੁੱਤਰਾਂ ਦਾ ਬਿਸਤਰੇ ’ਤੇ ਪਏ ਦਾ ਮਲ, ਮੂਤਰ ਸਾਫ਼ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦੀ ਸੰਭਾਲ ਕਰਨੀ ਪੈਂਦੀ ਹੈ ਜਿਸ ਕਾਰਨ ਉਹ ਵੀ ਬੇਰੋਜ਼ਗਾਰ ਹੋ ਪੁੱਤਰਾਂ ਦੀ ਸੰਭਾਲ ਵਿਚ ਘਰ ਬੈਠੇ ਹਨ।
ਇਨ੍ਹਾਂ ਗਰੀਬ ਮਾਪਿਆਂ ਨੇ ਇਲਾਕੇ ਦੀਆਂ ਸਮਾਜ ਸੇਵੀ, ਧਾਰਮਿਕ, ਦਾਨੀ ਸੱਜਣਾਂ ਤੋਂ ਇਲਾਵਾ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਆਪਣੇ ਪੁੱਤਰਾਂ ਦੇ ਇਲਾਜ ਲਈ ਅੱਜ ਆਰਥਿਕ ਮੱਦਦ ਦੀ ਲੋੜ ਹੈ ਜਿਸ ਲਈ ਉਹ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਉਣ। ਪਰਿਵਾਰ ਨਾਲ ਸੰਪਰਕ ਕਰਨ ਲਈ ਉਨ੍ਹਾਂ ਵਲੋਂ 75278-95288 ਸੰਪਰਕ ਨੰਬਰ ਵੀ ਦਿੱਤਾ ਗਿਆ ਹੈ।
- PTC NEWS