Vande Bharat Train : ਅੱਜ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ -ਕਟੜਾ ਵੰਦੇ ਭਾਰਤ ਟਰੇਨ, PM ਮੋਦੀ ਵਰਚੂਲੀ ਦਿਖਾਉਣਗੇ ਹਰੀ ਝੰਡੀ
Vande Bharat Train : ਪੰਜਾਬ ਤੋਂ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਕਟੜਾ ਜਾਣ ਲਈ ਨਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲੁਰੂ ਤੋਂ ਵਰਚੂਲੀ ਹਰੀ ਝੰਡੀ ਦਿਖਾਉਣਗੇ। ਇਸ ਤੋਂ ਬਾਅਦ ਇਹ ਟ੍ਰੇਨ 11 ਅਗਸਤ ਤੋਂ ਆਮ ਲੋਕਾਂ ਲਈ ਚਾਲੂ ਹੋ ਜਾਵੇਗੀ। ਇਹ ਟ੍ਰੇਨ ਉੱਤਰੀ ਰੇਲਵੇ ਜ਼ੋਨ ਦੇ ਅਧੀਨ ਚੱਲੇਗੀ ਅਤੇ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਦੇ ਸਾਰੇ ਦਿਨ ਚੱਲੇਗੀ।
ਜਾਣਕਾਰੀ ਅਨੁਸਾਰ ਵੰਦੇ ਭਾਰਤ ਟਰੇਨ ਕਟੜਾ ਤੋਂ ਰੋਜ਼ਾਨਾ ਸਵੇਰੇ 6.40 'ਤੇ ਚੱਲ ਕੇ ਦੁਪਹਿਰ 12.20 'ਤੇ ਅੰਮ੍ਰਿਤਸਰ ਪਹੁੰਚੇਗੀ। ਫ਼ਿਰ ਅੰਮ੍ਰਿਤਸਰ ਤੋਂ ਸ਼ਾਮ ਨੂੰ 4.25 'ਤੇ ਚੱਲ ਕੇ ਰਾਤ ਨੂੰ 10 ਵਜੇ ਕਟੜਾ ਪਹੁੰਚੇਗੀ। 11 ਅਗਸਤ ਤੋਂ ਆਮ ਲੋਕ ਇਸ ਟ੍ਰੇਨ 'ਚ ਸਫ਼ਰ ਕਰ ਸਕਣਗੇ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ਹੈ।
ਇਹ ਹਾਈ-ਸਪੀਡ ਟ੍ਰੇਨ ਅੰਮ੍ਰਿਤਸਰ ਅਤੇ ਕਟੜਾ ਵਿਚਕਾਰ ਯਾਤਰਾ ਸਿਰਫ 5 ਘੰਟੇ 35 ਮਿੰਟ ਵਿੱਚ ਪੂਰੀ ਕਰੇਗੀ, ਹਜ਼ਾਰਾਂ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਇੱਕ ਤੇਜ਼, ਆਰਾਮਦਾਇਕ ਅਤੇ ਸਮਾਂ ਬਚਾਉਣ ਵਾਲਾ ਵਿਕਲਪ ਪ੍ਰਦਾਨ ਕਰੇਗੀ। ਟ੍ਰੇਨ ਨੰਬਰ 26405/26406 ਹੋਵੇਗਾ। ਵੰਦੇ ਭਾਰਤ ਲਈ ਇੱਕ ਨਵਾਂ ਰਸਤਾ ਚੁਣਿਆ ਗਿਆ ਹੈ। ਸਿੱਧੇ ਪਠਾਨਕੋਟ ਜਾਣ ਦੀ ਬਜਾਏ ਇਹ ਟ੍ਰੇਨ ਬਿਆਸ, ਜਲੰਧਰ ਸ਼ਹਿਰ ਰਾਹੀਂ ਪਠਾਨਕੋਟ ਕੈਂਟ ਪਹੁੰਚੇਗੀ ਅਤੇ ਉੱਥੋਂ ਇਹ ਟ੍ਰੇਨ ਜੰਮੂ ਤਵੀ ਰਾਹੀਂ ਕਟੜਾ ਪਹੁੰਚੇਗੀ।
ਅੰਮ੍ਰਿਤਸਰ ਤੋਂ ਕਟੜਾ ਤੱਕ ਪਹਿਲੀ ਵੰਦੇ-ਭਾਰਤ ਟ੍ਰੇਨ
ਇਸ ਤੋਂ ਪਹਿਲਾਂ ਦਿੱਲੀ-ਕਟੜਾ ਅਤੇ ਕਟੜਾ-ਸ਼੍ਰੀਨਗਰ ਰੂਟਾਂ 'ਤੇ ਵੰਦੇ ਭਾਰਤ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਨਵੀਂ ਰੇਲਗੱਡੀ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਯਾਤਰਾ ਬਹੁਤ ਆਸਾਨ ਅਤੇ ਤੇਜ਼ ਹੋ ਜਾਵੇਗੀ।
ਧਿਆਨ ਦੇਣ ਯੋਗ ਹੈ ਕਿ ਇਸ ਸਮੇਂ ਦੇਸ਼ ਭਰ ਵਿੱਚ 144 ਵੰਦੇ ਭਾਰਤ ਰੇਲਗੱਡੀਆਂ ਚੱਲ ਰਹੀਆਂ ਹਨ। ਇਹ ਪ੍ਰੋਜੈਕਟ ਪਹਿਲੀ ਵਾਰ 2019 ਵਿੱਚ ਨਵੀਂ ਦਿੱਲੀ ਅਤੇ ਵਾਰਾਣਸੀ ਵਿਚਕਾਰ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਮੇਂ-ਸਮੇਂ 'ਤੇ ਇਨ੍ਹਾਂ ਰੇਲਗੱਡੀਆਂ ਨੂੰ ਸ਼ੁਰੂ ਕੀਤਾ ਗਿਆ ਸੀ।
- PTC NEWS