Patiala : ਪਟਿਆਲਾ 'ਚ ਨਿੱਜੀ ਸਕੂਲ ਦੀ ਵਿਦਿਆਰਥੀ ਨੇ ਨਿਗਲਿਆ ਜ਼ਹਿਰ, ਇਲਾਜ ਦੌਰਾਨ ਹੋਈ ਮੌਤ
Patiala News : ਪਟਿਆਲਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਨੇ ਜਹਿਰ ਨਿਗਲ ਲਿਆ, ਜਿਸ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਰਹਿਮਾਨ ਖਾਨ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ, ਰਹਿਮਾਨ ਖਾਨ ਦੀ 15 ਤਰੀਕ ਨੂੰ ਆਪਣੇ ਹੀ ਸਕੂਲ ਦੇ ਇੱਕ ਹੋਰ ਵਿਦਿਆਰਥੀ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਰਹਿਮਾਨ ਮਾਨਸਿਕ ਤਣਾਅ ਵਿੱਚ ਆ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ, ਲੜਾਈ ਤੋਂ ਬਾਅਦ ਸ਼ਾਮ ਨੂੰ ਘਰ ਆ ਕੇ ਰਹਿਮਾਨ ਨੇ ਪ੍ਰੇਸ਼ਾਨੀ ਦੇ ਚਲਦੇ ਜਹਿਰ ਨਿਗਲ ਲਿਆ।
ਪਰਿਵਾਰ ਵੱਲੋਂ ਤੁਰੰਤ ਰਹਿਮਾਨ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਜ਼ੋਰਦਾਰ ਇਲਾਜ ਕੀਤਾ ਗਿਆ। ਹਾਲਾਂਕਿ, ਸਾਰੇ ਯਤਨਾਂ ਦੇ ਬਾਵਜੂਦ ਰਹਿਮਾਨ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਮਾਮਲੇ ਸਬੰਧੀ ਰਹਿਮਾਨ ਖਾਨ ਦੇ ਪਿਤਾ ਨੇ ਦੱਸਿਆ ਕਿ ਸਕੂਲ ਵਿੱਚ ਹੋਈ ਲੜਾਈ ਤੋਂ ਬਾਅਦ ਉਸ ਦਾ ਪੁੱਤਰ ਕਾਫ਼ੀ ਪਰੇਸ਼ਾਨ ਰਹਿੰਦਾ ਸੀ ਅਤੇ ਉਸੇ ਤਣਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਪੁਲਿਸ (Patiala Police) ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ, ਪੋਸਟਮਾਰਟਮ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
- PTC NEWS