PRTC ਅਤੇ ਪਨਬਸ ਦੇ ਕੱਚੇ ਕਰਮਚਾਰੀਆਂ ਵੱਲੋਂ ਜੇਲ੍ਹਾਂ 'ਚ ਬੰਦ ਸਾਥੀਆਂ ਦੀ ਰਿਹਾਈ ਲਈ ਸਮੂਹ ਡਿੱਪੂਆਂ ਦੇ ਗੇਟਾਂ 'ਤੇ ਪ੍ਰਦਰਸ਼ਨ
Bathinda News : ਅੱਜ ਪੰਜਾਬ ਰੋਡਵੇਜ਼ ਪਨਬਸ/ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸਮੂਹ ਡਿੱਪੂਆ ਤੇ ਗੇਟ ਰੈਲੀਆ ਕੀਤੀਆਂ ਗਈਆਂ। ਸੂਬਾ ਆਗੂ ਸਰਬਜੀਤ ਸਿੰਘ ਭੁੱਲਰ ਨੇ ਬਠਿੰਡਾ ਡਿੱਪੂ ਦੀ ਗੇਟ ਰੈਲੀ ਤੋਂ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਤਾਂ ਕੀ ਦੇਣਾ ਸੀ ਉਲਟਾ ਪਿਛਲੇ 15-20 ਸਾਲਾਂ ਤੋਂ ਕੰਟਰੈਕਟ ਆਊਟ ਸੋਰਸ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਵੀਂ ਦਲਦਲ ਜਿਸ ਨੂੰ ਸਪੈਸ਼ਲ ਕਾਡਰ ਪਾਲਸੀ 2023 ਕਹਿ ਕੇ ਫਸਾਉਣ ਵਿੱਚ ਲੱਗੀ ਹੈ ,ਜਿਸ ਵਿੱਚ ਫਸੇ ਟੀਚਰਾਂ ਵਲੋਂ ਪਿਛਲੇ ਦਿਨੀਂ ਮੋਹਾਲੀ ਧਰਨਾ ਵੀ ਲਗਾਇਆ ਗਿਆ। ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ,ਟਰਾਂਸਪੋਰਟ ਵਿਭਾਗ ਨੂੰ ਚਲਾਉਣ ਸਮੇਤ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਵਿੱਚ ਫੇਲ ਸਾਬਿਤ ਹੋ ਚੁੱਕੀ ਹੈ ਅਤੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਪੁਲੀਸ ਪ੍ਰਸ਼ਾਸਨ ਦੀ ਵਰਤੋਂ ਕਰਕੇ ਲੋਕਾਂ ਦੀ ਅਵਾਜ਼ ਦਬਾਉਣ ਵਿੱਚ ਲੱਗੀ ਹੋਈ ਹੈ।
ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆ ਦੀ ਸਰਕਾਰ ਬਣ ਚੁੱਕੀ ਹੈ ਜੋ ਕਿ ਆਮ ਆਦਮੀ ਦਾ ਚਿਹਰਾ ਦਿਖਾ ਕੇ ਪੰਜਾਬ ਦੇ ਵਿੱਚ ਆਪਣੀ ਸੱਤਾ ਕਾਇਮ ਕਰਕੇ ਹੁਣ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣ ਚੁੱਕੀ ਹੈ। ਵੋਟਾਂ ਤੋਂ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਹਿੰਦਾ ਸੀ ਕਿ ਕਾਰਪੋਰੇਟ ਘਰਾਣਿਆਂ ਨੂੰ ਖਤਮ ਕਰ ਦੇਵਾਂਗੇ। ਪਿੱਛਲੇ ਦਿਨੀ ਹੀ ਆਮ ਆਦਮੀ ਪਾਰਟੀ ਦੀ ਸਰਕਾਰ ,ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕਰਨ ਦੀ ਨੀਤੀ ਦੇ ਨਾਲ ਕਿਲੋਮੀਟਰ ਸਕੀਮ ਬੱਸਾਂ ਦੇ ਟੈਡਰ ਲੈ ਕੇ ਆਈ ਸੀ ,ਜਿਸ ਉਪਰੰਤ ਜੱਥੇਬੰਦੀ ਵੱਲੋਂ ਸੰਘਰਸ਼ ਦੇ ਐਲਾਨ ਕੀਤਾ ਗਿਆ।
ਸਰਕਾਰ ਨੇ ਆਗੂ ਨੂੰ ਘਰਾਂ ਤੋਂ ਅਤੇ ਧਰਨਿਆਂ ਤੋਂ ਜਬਰੀ ਚੱਕ ਕੇ ਸੰਘਰਸ਼ ਕਰਦੇ ਮੁਲਾਜ਼ਮਾਂ 'ਤੇ 307 ਵਰਗੀਆਂ ਧਾਰਾਵਾ ਲਗਾ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਹੈ। ਅੱਜ ਲਗਭਗ 2 ਮਹੀਨੇ ਤੋ ਵੱਧ ਸਮਾ ਬੀਤ ਚੁੱਕਾ ਹੈ। ਸਰਕਾਰ ਵਾਰ -ਵਾਰ ਮੀਟਿੰਗ ਦੇ ਵਿੱਚ ਭਰੋਸਾ ਦੇ ਰਹੀ ਹੈ ਕਿ 2 ਜਾਂ 4 ਦਿਨਾਂ ਵਿੱਚ ਤੁਹਾਡੇ ਸਾਥੀਆਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਪਰ ਇਸ ਸਮੇਂ ਟਰਾਂਸਪੋਰਟ ਮੰਤਰੀ ਪੰਜਾਬ ਯੂਨੀਅਨ ਅੱਗੇ ਸ਼ਰਤਾਂ ਰੱਖ ਰਹੇ ਹਨ ਅਤੇ ਮੁਲਾਜ਼ਮਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਮੁਲਾਜ਼ਮਾਂ ਦੀ ਅਵਾਜ਼ ਦਬਾਉਣ ਅਤੇ ਧੱਕੇਸ਼ਾਹੀ ਨਾਲ ਨਿੱਜੀਕਰਨ ਕਰਨਾ ਚਾਹੁੰਦੇ ਹਨ।
ਕਰਾਪੋਰੇਟ ਘਾਰਣਿਆ ਨੂੰ ਤਵੱਜੋ ਦਿੱਤੀ ਜਾ ਰਹੀ ਹੈ। ਹੁਣ ਪ੍ਰਾਈਵੇਟ ਮਾਲਕਾਂ ਨੂੰ ਫਾਇਦਾ ਦੇਣ ਦੇ ਲਈ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਸਰਕਾਰੀ ਟਰਾਂਸਪੋਰਟ ਦਾ ਭੋਗ ਪਾਉਣ ਦੀ ਤਿਆਰੀ ਕੀਤੀ ਗਈ ਹੈ। ਜਿਸ ਦਾ ਜਥੇਬੰਦੀ ਪੂਰਨ ਜ਼ੋਰ ਵਿਰੋਧ ਕਰਦੀ ਆਈ ਹੈ। ਪਿਛਲੇ ਦਿਨੀਂ ਵਿਰੋਧ ਕਰਦੇ ਮੁਲਾਜ਼ਮਾਂ ਨੂੰ ਚੱਕਿਆ ਗਿਆ। ਸੰਗਰੂਰ ਅਤੇ ਪਟਿਆਲੇ 307 ਦੇ ਪਰਚੇ ਦਰਜ਼ ਕੀਤੇ ਗਏ ਹਨ ਅਤੇ ਅੱਜ ਤੱਕ ਰਿਹਾਅ ਨਹੀ ਕੀਤਾ ਗਿਆ। ਜਿਸ ਦੇ ਰੋਸ ਵਜੋਂ 11 ਫਰਵਰੀ ਨੂੰ ਬਾਅਦ ਦੁਪਹਿਰ ਤੋਂ ਸ਼ਾਮ ਤੱਕ ਬੱਸਾਂ ਬੰਦ ਕਰਕੇ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ 12 ਫਰਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ 'ਤੇ ਧਰਨਾ ਦਿੱਤਾ ਜਾਵੇਗਾ। ਜੇਕਰ ਫਿਰ ਵੀ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਈ ਤਾਂ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਜੇਲ੍ਹਾਂ ਵਿੱਚ ਬੰਦ ਸਾਥੀਆਂ ਦੀ ਰਿਹਾਈ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਤੱਕ ਸੰਘਰਸ਼ ਜਾਰੀ ਰਹੇਗਾ।
- PTC NEWS