Harbhajan Singh ETO ਦੇ ਕਾਫ਼ਲੇ ਦਾ ਐਕਸੀਡੈਂਟ, ਪਾਇਲਟ ਗੱਡੀ ਦੀ ਸਵਿਫਟ ਕਾਰ ਨਾਲ ਹੋਈ ਟੱਕਰ , ਨੁਕਸਾਨੀਆਂ ਗਈਆਂ ਦੋਵੇਂ ਗੱਡੀਆਂ
Harbhajan Singh ETO Accident : ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO) ਦੇ ਕਾਫ਼ਲੇ ਦਾ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਦੀ ਪਾਇਲਟ ਗੱਡੀ ਦੀ ਸਵਿਫਟ ਕਾਰ ਨਾਲ ਟੱਕਰ ਹੋ ਗਈ ਹੈ, ਜਿਸ ਨਾਲ ਉਨ੍ਹਾਂ ਦੇ ਤਿੰਨ ਗੰਨਮੈਨ ਅਤੇ ਕਾਰ ਸਵਾਰ ਗੰਭੀਰ ਜ਼ਖਮੀ ਹੋ ਗਏ ਹਨ। ਇਸ ਹਾਦਸੇ 'ਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਮੰਤਰੀ ਹਰਭਜਨ ਸਿੰਘ ਈਟੀਓ ਅੱਜ ਹੜ੍ਹ ਪੀੜਤਾਂ ਨੂੰ ਚੈੱਕ ਵੰਡਣ ਲਈ ਦੀਨਾਨਗਰ ਜਾ ਰਹੇ ਸਨ। ਇਹ ਹਾਦਸਾ ਗੁਰਦਾਸਪੁਰ ਦੇ ਕਲਾਨੌਰ-ਗੁਰਦਾਸਪੁਰ ਰੋਡ 'ਤੇ ਅੱਡਾ ਨਡਾਂਵਾਲੀ ਨੇੜੇ ਵਾਪਰਿਆ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਹੈ , ਉਸ ਸਮੇਂ ਮੰਤਰੀ ਹਰਭਜਨ ਸਿੰਘ ਈਟੀਓ ਵੀ ਕਾਫ਼ਲੇ ਵਿੱਚ ਮੌਜੂਦ ਸਨ, ਉਨ੍ਹਾਂ ਦੇ ਨਾਲ ਅਧਿਕਾਰੀਆਂ ਦੀ ਇੱਕ ਟੀਮ ਵੀ ਸੀ।
ਹਾਦਸੇ ਤੋਂ ਬਾਅਦ ਮੰਤਰੀ ਨੇ ਤੁਰੰਤ ਆਪਣਾ ਕਾਫ਼ਲਾ ਰੁਕਵਾਇਆ ਅਤੇ ਉਨ੍ਹਾਂ ਦੀ ਟੀਮ ਨੇ 108 'ਤੇ ਫੋਨ ਕਰਕੇ ਐਂਬੂਲੈਂਸ ਬੁਲਾਈ। ਜ਼ਖਮੀ ਕਰਮਚਾਰੀਆਂ ਅਤੇ ਕਾਰ ਡਰਾਈਵਰ ਨੂੰ ਤੁਰੰਤ ਕਲਾਨੌਰ ਦੇ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 4 ਜਾਣੇ ਜ਼ਖਮੀ ਹੋ ਗਏ ਹਨ। ਇਸ ਤੋਂ ਬਾਅਦ ਮੰਤਰੀ ਹਰਭਜਨ ਸਿੰਘ ਈਟੀਓ ਹੜ੍ਹ ਪੀੜਤਾਂ ਨੂੰ ਰਾਹਤ ਫੰਡ ਵੰਡਣ ਲਈ ਘਟਨਾ ਸਥਾਨ 'ਤੇ ਪਹੁੰਚੇ।
- PTC NEWS