Meri Rasoi Scheme : ਪੰਜਾਬ ਸਰਕਾਰ ਨੇ 'ਮੇਰੀ ਰਸੋਈ' ਯੋਜਨਾ ਕੀਤੀ ਲਾਂਚ, ਜਾਣੋ ਲਾਭਪਾਤਰੀਆਂ ਲਈ ਕੀ ਕੀਤੇ ਗਏ ਹਨ ਦਾਅਵੇ
Meri Rasoi Scheme : ਪੰਜਾਬ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਮੁੱਖ ਮੰਤਰੀ ਵੱਲੋਂ 'ਮੇਰੀ ਰਸੋਈ' ਸਕੀਮ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ 40 ਲੱਖ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਦਾ ਦਾਅਵਾ ਕੀਤਾ ਗਿਆ ਹੈ।
ਲਾਭਪਾਤਰੀਆਂ ਨੂੰ ਕੀ ਮਿਲੇਗਾ ?
ਜਾਣਕਾਰੀ ਅਨੁਸਾਰ, ਇਸ 'ਮੇਰੀ ਰਸੋਈ' ਯੋਜਨਾ ਵਿੱਚ ਸਰਕਾਰ ਹਰ ਲੋੜਵੰਦ ਪਰਿਵਾਰ ਨੂੰ ਇੱਕ ਵਿਸ਼ੇਸ਼ ਭੋਜਨ ਕਿੱਟ ਪ੍ਰਦਾਨ ਕਰੇਗੀ, ਇਸ ਵਿੱਚ ਕਣਕ, 2 ਕਿਲੋਗ੍ਰਾਮ ਛੋਲਿਆਂ ਦੀ ਦਾਲ, 2 ਕਿਲੋਗ੍ਰਾਮ ਖੰਡ, 1 ਕਿਲੋਗ੍ਰਾਮ ਨਮਕ, 200 ਗ੍ਰਾਮ ਹਲਦੀ ਪਾਊਡਰ, 1 ਲੀਟਰ ਸਰ੍ਹੋਂ ਦਾ ਤੇਲ ਸ਼ਾਮਲ ਹੈ। ਸਰਕਾਰ ਦਾ ਦਾਅਵਾ ਹੈ ਕਿ ਇਹ ਯੋਜਨਾ ਸਿਰਫ਼ ਪੇਟ ਭਰਨ ਲਈ ਨਹੀਂ ਹੈ, ਸਗੋਂ ਪੋਸ਼ਣ ਪੱਧਰ ਨੂੰ ਸੁਧਾਰਨ ਲਈ ਵੀ ਹੈ।
ਕਿਹੜੇ ਲੋਕਾਂ ਨੂੰ ਮਿਲੇਗੀ ਕਿੱਟ ਅਤੇ ਕਿੰਨੇ ਮਹੀਨਿਆਂ ਬਾਅਦ ?
ਜਾਣਕਾਰੀ ਅਨੁਸਾਰ, ਇਸ ਤਹਿਤ ਸਰਕਾਰ ਇੱਕ ਫੂਡ ਕਿੱਟ ਤਿਆਰ ਕਰੇਗੀ, ਜੋ ਨੀਲੇ ਕਾਰਡ ਧਾਰਕਾਂ ਨੂੰ ਦਿੱਤੀ ਜਾਵੇਗੀ। ਸਕੀਮ ਤਹਿਤ, ਲੋਕਾਂ ਨੂੰ ਜਨਤਕ ਵੰਡ ਰਾਹੀਂ ਕਣਕ ਮਿਲਦੀ ਰਹੇਗੀ। ਮੁੱਖ ਮੰਤਰੀ ਵੱਲੋਂ ਇਸ ਸਕੀਮ ਨੂੰ ਭੋਜਨ ਨੂੰ ਹੋਰ ਪੌਸ਼ਟਿਕ ਬਣਾਉਣ ਲਈ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਹੈ, ਤਾਂ ਜੋ ਪਰਿਵਾਰ ਦੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਮਿਲ ਸਕੇ ਅਤੇ ਉਹ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ।
ਇਹ ਸਕੀਮ ਮਾਰਕਫੈੱਡ ਰਾਹੀਂ ਚਲਾਈ ਜਾਵੇਗੀ ਅਤੇ ਰਾਸ਼ਨ ਫੂਡ ਐਂਡ ਸਪਲਾਈ ਰਾਹੀਂ ਵੰਡਿਆ ਜਾਵੇਗਾ। ਸਕੀਮ ਤਹਿਤ ਹਰ 3 ਮਹੀਨਿਆਂ ਲਈ ਕਿੱਟਾਂ ਦਿੱਤੀਆਂ ਜਾਣਗੀਆਂ। ਪਹਿਲੀ ਵਾਰ ਅਪ੍ਰੈਲ, ਮਈ ਅਤੇ ਜੂਨ ਦੇ ਮਹੀਨਿਆਂ ਲਈ ਕਿੱਟਾਂ ਵੰਡੀਆਂ ਜਾਣਗੀਆਂ।
- PTC NEWS