IAS ਪਰਮਪਾਲ ਕੌਰ ਦਾ ਅਸਤੀਫਾ ਨਾ-ਮਨਜੂਰ, ਜਾਣੋ ਹੁਣ ਅੱਗੇ ਕੀ...
Lok Sabha Election 2024: ਪੰਜਾਬ ਸਰਕਾਰ ਨੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਆਈਏਐਸ ਪਰਮਪਾਲ ਕੌਰ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰ ਦਿੱਤਾ ਹੈ। ਪੰਜਾਬ ਰਾਜ ਉਦਯੋਗਿਕ ਵਿਕਾਸ ਵਿਭਾਗ ਵਿੱਚ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ 'ਤੇ ਤੈਨਾਤ ਪਰਮਪਾਲ ਕੌਰ ਦੇ ਅਸਤੀਫੇ ਨੂੰ ਮਨਜੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਆਈਏਐਸ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਿਛਲੇ ਦਿਨੀ ਆਪਣਾ ਅਸਤੀਫਾ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਭੇਜਿਆ ਸੀ।
ਸੀਐਮ ਮਾਨ ਨੇ ਕੀ ਕਿਹਾ
ਅਸਤੀਫਾ ਨਾ-ਮਨਜੂਰ ਕਰਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟਰ ਐਕਸ 'ਤੇ ਜਾਣਕਾਰੀ ਦਿੰਦਿਆਂ ਲਿਖਿਆ ਹੈ, ''ਪਰਮਪਾਲ ਕੌਰ ਜੀ IAS ਅਫਸਰ ਦੇ ਤੌਰ ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ..ਬੀਬਾ ਜੀ ਜਿੰਨੀ ਕਾਹਲੀ IAS ਬਣਨ ਦੀ ਸੀ..ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ..ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ..ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ਚ ਪੈ ਸਕਦੀ ਹੈ..''
ਦੱਸ ਦਈਏ ਕਿ ਪਰਮਪਾਲ ਕੌਰ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ ਅਤੇ ਵੀਰਵਾਰ ਉਹ ਆਪਣੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦੇ ਨਾਲ ਭਾਜਪਾ ਪਾਰਟੀ ਵਿੱਚ ਸ਼ਾਮਲ ਹੋਏ ਹਨ। ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲਈ ਅਪਲਾਈ ਕਰਦਿਆਂ ਅਸਤੀਫਾ ਦਿੱਤਾ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਅਸਤੀਫਾ ਨਾ-ਮਨਜੂਰ ਕਰ ਦਿੱਤਾ ਗਿਆ ਹੈ।
ਸਿਆਸੀ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੰਕਟ 'ਚ
ਪੰਜਾਬ ਸਰਕਾਰ ਵੱਲੋਂ ਅਸਤੀਫਾ ਨਾ ਮਨਜੂਰ ਕਰਨ ਪਿੱਛੋਂ ਹੁਣ ਉਨ੍ਹਾਂ ਦੇ ਸਿਆਸੀ ਕਰੀਅਰ 'ਤੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੱਦਲ ਮੰਡਰਾਉਣੇ ਸ਼ੁਰੂ ਹੋ ਗਏ ਹਨ। ਦੱਸ ਦੇਈਏ ਕਿ ਪਰਮਪਾਲ ਕੌਰ ਸਿੱਧੂ ਨੂੰ ਭਾਜਪਾ ਵੱਲੋਂ ਬਠਿੰਡਾ ਲੋਕ ਸਭਾ ਹਲਕਾ ਤੋਂ ਟਿਕਟ ਦਿੱਤੇ ਜਾਣ ਦੀ ਚਰਚਾ ਸੀ, ਪਰ ਹੁਣ ਇਹ 'ਅਸਤੀਫਾ ਨਾਮਨਜੂਰ' ਹੋਣ ਦਾ ਪੇਚ ਫਸ ਗਿਆ ਹੈ। ਭਾਜਪਾ ਵੱਲੋਂ ਵੀ ਹੁਣ ਨਵਾਂ ਉਮੀਦਵਾਰ ਲੱਭਣ ਵੱਲ ਦੇਖਿਆ ਜਾ ਸਕਦਾ ਹੈ।
- PTC NEWS