Sri Darbar Sahib ਦੇ ਸਰੋਵਰ 'ਚ ਵਜ਼ੂ ਕਰਨ ਵਾਲੇ ਨੂੰ ਪੰਜਾਬ ਪੁਲਿਸ ਲੈ ਕੇ ਆਈ ਅੰਮ੍ਰਿਤਸਰ, ਕੋਰਟ ‘ਚ ਕੀਤਾ ਜਾਵੇਗਾ ਪੇਸ਼
Amritsar News : ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਵਜ਼ੂ ਕਰਨ ਵਾਲੇ ਆਰੋਪੀ ਸੁਭਾਨ ਰੰਗਰੀਜ਼ ਨੂੰ ਪੰਜਾਬ ਪੁਲਿਸ ਅੰਮ੍ਰਿਤਸਰ ਲੈ ਆਈ ਹੈ। ਉਸਨੂੰ ਜਲਦੀ ਹੀ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਸ਼ਿਕਾਇਤ ਦੇ ਆਧਾਰ 'ਤੇ ਅੰਮ੍ਰਿਤਸਰ ਪੁਲਿਸ ਨੇ ਉਸ ਵਿਰੁੱਧ ਬੇਅਦਬੀ ਦਾ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਦਿੱਲੀ ਦਾ ਇੱਕ ਨੌਜਵਾਨ ਸੁਭਾਨ ਰੰਗਰੀਜ਼ 13 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਇਆ ਸੀ। ਉਸ ਨੇ ਇਸ ਦੌਰਾਨ ਆਪਣੀ ਇੱਕ ਰੀਲ ਵੀਡੀਓ ਬਣਾਈ। ਇੱਕ ਵੀਡੀਓ ‘ਚ ਉਹ ਸਰੋਵਰ ‘ਚ ਵਜ਼ੂ ਕਰਦਾ ਦਿਖਾਈ ਦਿੱਤਾ। 24 ਜਨਵਰੀ ਨੂੰ ਨਿਹੰਗਾਂ ਨੇ ਉਸਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਫੜ ਲਿਆ ਅਤੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹ ਉਦੋਂ ਤੋਂ ਗਾਜ਼ੀਆਬਾਦ ਪੁਲਿਸ ਹਿਰਾਸਤ ਵਿੱਚ ਸੀ। ਅੱਜ ਉਸਨੂੰ ਅੰਮ੍ਰਿਤਸਰ ਲਿਆਂਦਾ ਗਿਆ।
ਦੱਸ ਦੇਈਏ ਕਿ ਇਸ ਮਾਮਲੇ ‘ਚ ਵੀਡੀਓ ਬਣਾਉਣ ਵਾਲਾ ਨੌਜਵਾਨ ਸੁਭਾਨ ਰੰਗਰੀਜ਼ ਦੋ ਵਾਰ ਮੁਆਫ਼ੀ ਮੰਗ ਚੁੱਕਿਆ ਹੈ। ਉਸ ਨੇ ਇਹ ਤਰਕ ਦਿੱਤਾ ਹੈ ਕਿ ਉਸ ਨੂੰ ਮਰਿਯਾਦਾ ਦਾ ਪਤਾ ਨਹੀਂ ਸੀ। ਉਸ ਨੂੰ ਦੂਸਰੀ ਵਾਰ ਇਸ ਲਈ ਮੁਆਫ਼ੀ ਮੰਗਣੀ ਪਈ, ਕਿਉਂਕਿ ਪਹਿਲੀ ਵੀਡੀਓ ਚ ਉਹ ਜੇਬਾਂ ਚ ਹੱਥ ਪਾ ਕੇ ਖੜ੍ਹਾ ਸੀ। ਇਸ ਕਾਰਨ ਸਿੱਖ ਸ਼ਰਧਾਲੂਆਂ ਨੂੰ ਉਸ ਦਾ ਮੁਆਫ਼ੀ ਮੰਗਣ ਦਾ ਤਰੀਕਾ ਪਸੰਦ ਨਹੀਂ ਆਇਆ ਸੀ।
ਇਸ ਕਾਰਨ ਨੌਜਵਾਨ ਨੇ ਦੁਬਾਰਾ ਇੱਕ ਹੋਰ ਵੀਡੀਓ ਪੋਸਟ ਕੀਤੀ। ਉਸ ਨੇ ਨਵੀਂ ਵੀਡੀਓ ਚ ਕਿਹਾ ਕਿ ਮੈਂ ਸ੍ਰੀ ਦਰਬਾਰ ਸਾਹਿਬ ਗਿਆ ਸੀ, ਉੱਥੇ ਮੇਰੇ ਕੋਲ ਗਲਤੀ ਹੋ ਗਈ। ਉਸ ਦੇ ਲਈ ਮੈਂ ਸਭ ਤੋਂ ਮਆਫ਼ੀ ਮੰਗਦਾ ਹਾਂ। ਮੈਨੂੰ ਮਰਿਯਾਦਾ ਦਾ ਨਹੀਂ ਪਤਾ ਸੀ, ਨਹੀਂ ਤਾਂ ਮੈਂ ਕਦੇ ਵੀ ਅਜਿਹਾ ਨਹੀਂ ਕਰਦਾ। ਆਪਣਾ ਬੇਟਾ ਸਮਝ ਕੇ ,ਆਪਣਾ ਭਰਾ ਸਮਝ ਕੇ ਮੈਨੂੰ ਮੁਆਫ਼ ਕੀਤਾ ਜਾਵੇ। ਸੁਬਹਾਨ ਰੰਗਰੀਜ਼ ਨੇ ਇੰਸਟਾਗ੍ਰਾਮ ਤੇ ਆਪਣੇ ਦੋ ਵੀਡੀਓ ਸਾਂਝੇ ਕੀਤੇ ਸਨ।
- PTC NEWS