ਪੰਜਾਬ ਪੁਲਿਸ ਨੇ ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ
ਅੱਤਵਾਦ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੇ ਜਰਮਨੀ ਅਧਾਰਤ ਸੰਚਾਲਕ ਪ੍ਰਭਪ੍ਰੀਤ ਸਿੰਘ ਸਿੱਧੂ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਕੇ ਅੱਤਵਾਦੀ ਭਰਤੀ ਕਰਨ, ਫੰਡਿੰਗ ਦੇਣ ਅਤੇ ਸਹਾਇਤਾ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
In a major breakthrough SSOC, #Amritsar arrests Khalistan Zindabad Force (KZF) operative Prabhpreet Singh Germany from #Delhi International Airport. He was running a terrorist recruitment, funding and aiding module from #Germany
Punjab Police is working to unearth the whole KZF… pic.twitter.com/cI1UYtQK4c
— DGP Punjab Police (@DGPPunjabPolice) April 12, 2024
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਲੋੜੀਂਦੇ ਅੱਤਵਾਦੀ ਜਗਦੀਸ਼ ਸਿੰਘ ਭੂਰਾ ਅਤੇ ਉਸ ਦੇ ਕਰੀਬੀ ਪ੍ਰਭਪ੍ਰੀਤ ਸਿੰਘ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਉਹ ਨਾਮਵਰ ਸ਼ਖਸ਼ੀਅਤਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ।
ਉਨ੍ਹਾਂ ਕਿਹਾ ਕਿ ਪ੍ਰਭਪ੍ਰੀਤ ਜਰਮਨੀ ਵਿੱਚ ਰਹਿ ਰਿਹਾ ਸੀ, ਇਸ ਲਈ ਪੰਜਾਬ ਪੁਲਿਸ ਨੇ ਉਸਨੂੰ ਇਸ ਕੇਸ ਵਿੱਚ ਨਾਮਜ਼ਦ ਕਰਨ ਉਪਰੰਤ ਉਸਨੂੰ ਗ੍ਰਿਫ਼ਤਾਰ ਕਰਨ ਲਈ ਬਿਊਰੋ ਆਫ਼ ਇਮੀਗ੍ਰੇਸ਼ਨ, ਨਵੀਂ ਦਿੱਲੀ ਰਾਹੀਂ ਉਸਦੇ ਖਿਲਾਫ ਲੁੱਕ ਆਊਟ ਸਰਕੂਲਰ (ਐਲਓਸੀ) ਜਾਰੀ ਕਰਵਾ ਦਿੱਤਾ ਸੀ।
ਡੀਜੀਪੀ ਨੇ ਕਿਹਾ ਕਿ ਬੁੱਧਵਾਰ ਨੂੰ ਆਈਜੀਆਈ ਏਅਰਪੋਰਟ ਦਿੱਲੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਾਨੂੰ ਪ੍ਰਭਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲੈਣ ਬਾਰੇ ਸੂਚਿਤ ਕੀਤਾ। ਇਸ ਉਪਰੰਤ ਐਸਐਸਓਸੀ ਅੰਮ੍ਰਿਤਸਰ ਦੀ ਟੀਮ ਦਿੱਲੀ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪ੍ਰਭਪ੍ਰੀਤ 2017 'ਚ ਵੈਧ ਵੀਜ਼ੇ 'ਤੇ ਪੋਲੈਂਡ ਗਿਆ ਸੀ ਅਤੇ 2020 'ਚ ਸੜਕ ਰਸਤੇ ਜਰਮਨੀ ਚਲਾ ਗਿਆ ਸੀ ਅਤੇ ਜਰਮਨੀ 'ਚ ਪੱਕੀ ਰਿਹਾਇਸ਼ ਹਾਸਲ ਕਰਨ ਲਈ ਉਸ ਨੇ ਸਿਆਸੀ ਸ਼ਰਨ ਲਈ ਅਰਜ਼ੀ ਦਿੱਤੀ ਸੀ।
ਏਆਈਜੀ ਨੇ ਦੱਸਿਆ ਕਿ ਜਰਮਨੀ ਵਿਚ ਰਹਿੰਦਿਆਂ, ਇਹ ਮੁਲਜ਼ਮ ਬੈਲਜੀਅਮ ਸਥਿਤ ਕੇਜ਼ੈਡਐਫ ਅੱਤਵਾਦੀ ਜਗਦੀਸ਼ ਸਿੰਘ ਭੂਰਾ ਦੇ ਸੰਪਰਕ ਵਿਚ ਆਇਆ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋ ਗਿਆ। ਏਆਈਜੀ ਨੇ ਕਿਹਾ ਕਿ ਦੋਸ਼ੀ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੇ ਭਾਰਤੀ ਸਾਥੀ ਲਈ ਫੰਡਿੰਗ ਅਤੇ ਹਥਿਆਰਾਂ ਦਾ ਪ੍ਰਬੰਧ ਕਰਦਾ ਸੀ।
ਉਨ੍ਹਾਂ ਕਿਹਾ ਕਿ ਪ੍ਰਭਪ੍ਰੀਤ ਦੇ ਪੂਰੇ ਨੈੱਟਵਰਕ ਅਤੇ ਜਿਸ ਮਾਡਿਊਲ ਲਈ ਉਹ ਕੰਮ ਕਰ ਰਿਹਾ ਹੈ, ਪਰਦਾਫਾਸ਼ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਟੀਮਾਂ ਨੇ ਮੁਲਜ਼ਮ ਪ੍ਰਭਪ੍ਰੀਤ ਨੂੰ ਅਦਾਲਤ ਵਿੱਚ ਪੇਸ਼ ਕਰਕੇ 15 ਅਪਰੈਲ 2024 ਤੱਕ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।
- PTC NEWS