Punjab YouTuber ਜਸਬੀਰ ਸਿੰਘ ਦੇ ਮੋਬਾਈਲ 'ਚੋਂ ਮਿਲੇ 150 ਪਾਕਿਸਤਾਨੀ ਨੰਬਰ ,ਯੂਟਿਊਬਰ ਜੋਤੀ ਨਾਲ ਫੋਟੋ ਤੋਂ ਬਾਅਦ ਰਾਡਾਰ 'ਤੇ ਆਇਆ
Punjab YouTuber Jasbir arrest : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਪੰਜਾਬ ਵਿੱਚ ਗ੍ਰਿਫ਼ਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਦੇ ਮੋਬਾਈਲ ਵਿੱਚੋਂ 150 ਪਾਕਿਸਤਾਨੀ ਸੰਪਰਕ ਨੰਬਰ ਮਿਲੇ ਹਨ। ਇੰਨਾ ਹੀ ਨਹੀਂ ਹਿਸਾਰ (ਹਰਿਆਣਾ) ਦੀ ਯੂਟਿਊਬਰ ਜੋਤੀ ਮਲਹੋਤਰਾ ਨਾਲ ਵੀ ਉਸਦਾ ਕਨੈਕਸ਼ਨ ਮਿਲਿਆ ਹੈ। ਯੂਟਿਊਬ 'ਤੇ ਅਪਲੋਡ ਕੀਤੀ ਗਈ ਇੱਕ ਵੀਡੀਓ ਵਿੱਚ ਜਸਬੀਰ ਸਿੰਘ ,ਜੋਤੀ ਮਲਹੋਤਰਾ ਨਾਲ ਪਾਕਿਸਤਾਨ ਵਿੱਚ ਖਰੀਦਦਾਰੀ ਕਰਦਾ ਦਿਖਾਈ ਦੇ ਰਿਹਾ ਹੈ। ਇਸ ਸਮੇਂ ਯੂਟਿਊਬਰ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਜਸਬੀਰ (41) ਰੋਪੜ ਜ਼ਿਲ੍ਹੇ ਦੇ ਮਹਾਲਨ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਦਾ ਦਾਅਵਾ ਹੈ ਕਿ ਨੰਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਵੀ ਸ਼ੱਕ ਹੈ ਕਿ ਇਹ ਨੰਬਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਏਜੰਟਾਂ ਜਾਂ ਪਾਕਿਸਤਾਨੀ ਅਧਿਕਾਰੀਆਂ ਦੇ ਵੀ ਹੋ ਸਕਦੇ ਹਨ।
ਜਦੋਂ ਜਸਬੀਰ ਪਾਕਿਸਤਾਨ ਗਿਆ ਸੀ ਤਾਂ ਜੋਤੀ ਮਲਹੋਤਰਾ ਵੀ ਉਸਦੇ ਗਰੁੱਪ ਵਿੱਚ ਸੀ। ਦੋਵੇਂ ਲਾਹੌਰ ਵਿੱਚ ਘੁੰਮਦੇ ਸਨ। ਉੱਥੇ ਜਸਬੀਰ ਨੂੰ ਜੋਤੀ ਨਾਲ ਉਸਦੀ ਖਰੀਦਦਾਰੀ ਵੀਡੀਓ ਵਿੱਚ ਦੇਖਿਆ ਗਿਆ। ਜਸਬੀਰ ਸਿੰਘ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸਾਂਝੀ ਕੀਤੀ ਹੈ।
ਪਿੰਡ ਵਿੱਚ ਇੱਕ ਆਲੀਸ਼ਾਨ ਹਵੇਲੀ ਬਣਾ ਰਿਹਾ ਜਸਬੀਰ
ਜਸਬੀਰ ਸਿੰਘ ਇਨ੍ਹੀਂ ਦਿਨੀਂ ਆਪਣੇ ਪਿੰਡ ਵਿੱਚ ਇੱਕ ਆਲੀਸ਼ਾਨ ਹਵੇਲੀ ਬਣਾ ਰਿਹਾ ਹੈ। ਪਿਛਲੇ ਸਾਲ ਤੋਂ ਘਰ ਦਾ ਕੰਮ ਚੱਲ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਸਬੀਰ ਪਿਛਲੇ ਕੁਝ ਮਹੀਨਿਆਂ ਤੋਂ ਜ਼ਿਆਦਾਤਰ ਸਮਾਂ ਘਰ ਵਿੱਚ ਹੀ ਰਹਿੰਦਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਜਸਬੀਰ ਕੋਲ ਚਾਰ ਏਕੜ ਜ਼ਮੀਨ ਹੈ। ਪਰਿਵਾਰ ਵਿੱਚ ਉਸਦੀ ਇੱਕ ਪਤਨੀ ਅਤੇ ਇੱਕ ਪੁੱਤਰ ਹੈ। ਜਦੋਂ ਕਿ ਉਸਦੇ ਭਰਾ ਦਾ ਪਰਿਵਾਰ ਮੋਹਾਲੀ ਵਿੱਚ ਰਹਿੰਦਾ ਹੈ।
ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 4 ਮਈ ਦੀ ਸਵੇਰ ਪੁਲਿਸ ਤੋਂ ਫ਼ੋਨ ਆਇਆ ਕਿ ਤੁਹਾਡੇ ਪਿੰਡ ਦੇ ਜਸਬੀਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਰਪੰਚ ਨੇ ਕਿਹਾ- ਮੈਨੂੰ ਲੱਗਦਾ ਹੈ ਕਿ ਜਸਬੀਰ 'ਤੇ ਲੱਗੇ ਦੋਸ਼ ਗਲਤ ਹਨ। ਬੇਸ਼ੱਕ ਉਸਦਾ ਪੇਸ਼ਾ ਇੱਕ ਬਲੌਗਰ ਦਾ ਹੈ ਪਰ ਉਹ ਲਗਭਗ 4 ਸਾਲ ਨਾਰਵੇ ਵੀ ਰਹਿ ਕੇ ਆਇਆ ਹੈ। ਪੈਸਾ ਤਾਂ ਉਸ ਕੋਲ ਹੈ।
29 ਮਈ ਨੂੰ ਆਈਪੀਐਲ ਮੈਚ ਦੇਖਣ ਲਈ ਮੋਹਾਲੀ ਆਇਆ ਸੀ ਜਸਬੀਰ ਸਿੰਘ
ਜਸਬੀਰ ਸਿੰਘ ਕ੍ਰਿਕਟ ਮੈਚ ਦਾ ਵੀ ਸ਼ੌਕੀਨ ਹੈ। ਉਹ ਆਪਣੇ ਪੁੱਤਰ ਅਤੇ ਕੁਝ ਦੋਸਤਾਂ ਨਾਲ ਪੰਜਾਬ ਕਿੰਗਜ਼ ਅਤੇ ਆਰਸੀਬੀ ਵਿਚਕਾਰ ਮੈਚ ਦੇਖਣ ਲਈ ਮੁੱਲਾਂਪੁਰ ਪਹੁੰਚਿਆ ਸੀ। ਉਸਨੇ ਆਪਣੇ ਚੈਨਲ 'ਤੇ ਇਹ ਬਲੌਗ ਵੀ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਹੁਣ ਪੁਲਿਸ ਉਸਦੀ ਸਾਰੀ ਜਾਇਦਾਦ ਅਤੇ ਹੋਰ ਚੀਜ਼ਾਂ ਦੀ ਵੀ ਜਾਂਚ ਕਰ ਰਹੀ ਹੈ। ਪੰਜਾਬ ਪੁਲਿਸ ਨੇ ਯੂਟਿਊਬਰ ਜਸਬੀਰ ਸਿੰਘ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਸਬੀਰ ਸਿੰਘ ਰੂਪਨਗਰ ਦੇ ਪਿੰਡ ਮਹਾਲਾਂ ਦਾ ਰਹਿਣ ਵਾਲਾ ਹੈ ਅਤੇ ਉਸਦੇ ਯੂਟਿਊਬ ਚੈਨਲ 'ਜਾਨ ਮਹਿਲ' ਦੇ 10 ਲੱਖ ਤੋਂ ਵੱਧ ਸਬਸਕ੍ਰਾਈਬ ਹਨ
- PTC NEWS