ਲੁਧਿਆਣਾ ਤੋਂ ਰੇਬੀਜ਼ ਦਾ ਹੈਰਾਨੀਜਨਕ ਮਾਮਲਾ; ਇੱਕੋ ਪਰਿਵਾਰ ਦੇ 5 ਬੱਚਿਆਂ ਸਮੇਤ 7 ਮੈਂਬਰ PGI ਰੈਫ਼ਰ
Ludhiana Rabies Case : ਲੁਧਿਆਣਾ ਦੇ ਜਗਰਾਓਂ (Jagraon) 'ਚ ਰੇਬੀਜ਼ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਕੋ ਪਰਿਵਾਰ ਦੇ 7 ਮੈਂਬਰਾਂ 'ਚ ਰੇਬੀਜ਼ ਦੇ ਲੱਛਣਾਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਵਿੱਚ 5 ਬੱਚੇ ਵੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ, ਜਗਰਾਓਂ ਦੇ ਕੋਠੇ ਜੀਵੇ ਵਿੱਚ ਇੱਕ ਫੈਕਟਰੀ ਅੰਦਰ ਰਹਿੰਦੇ ਪਰਵਾਸੀ ਮਜ਼ਦੂਰ ਦੇ ਘਰ ਦੇ ਸੱਤ ਮੈਂਬਰਾਂ ਨੂੰ ਰੇਬੀਜ਼ ਦੇ ਲੱਛਣਾਂ ਦੀ ਸ਼ਿਕਾਇਤ ਮਿਲਣ 'ਤੇ ਸਿਵਿਲ ਹਸਪਤਾਲ ਜਗਰਾਓਂ ਲਿਆਂਦਾ ਗਿਆ ਸੀ, ਜਿਥੋਂ ਐਸਐਮਓ ਨੇ ਜਾਂਚ ਲਈ PGI ਚੰਡੀਗੜ੍ਹ ਰੈਫਰ ਕਰ ਦਿੱਤਾ ਸੀ।
ਪੀਜੀਆਈ ਦੀ ਇੱਕ ਰਿਪੋਰਟ 'ਚ ਨਹੀਂ ਆਈ ਬਿਮਾਰੀ
SMO ਗੁਰਬਿੰਦਰ ਕੌਰ ਨੇ ਕਿਹਾ ਕਿ PGI ਤੋਂ ਆਈ ਤਾਜ਼ਾ ਰਿਪੋਰਟ ਅਨੁਸਾਰ, ਜਿਹੜੇ ਸੱਤ ਮੈਂਬਰ PGI ਭੇਜੇ ਗਏ ਸਨ, ਜਿਨ੍ਹਾਂ ਵਿੱਚ ਪੰਜ ਬੱਚੇ ਤੇ ਪਰਵਾਸੀ ਮਜ਼ਦੂਰ ਸਮੇਤ ਉਸਦੀ ਪਤਨੀ ਸ਼ਾਮਿਲ ਸੀ, ਦੀ ਰੇਬੀਜ਼ ਟੈਸਟ ਕਰਨ 'ਤੇ ਬਿਮਾਰੀ ਦੀ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ। ਇਸ ਦੇ ਨਾਲ ਹੀ PGI ਨੇ ਇਕ ਹਫ਼ਤੇ ਬਾਅਦ ਫਿਰ ਟੈਸਟ ਕਰਵਾਉਣ ਲਈ ਕਿਹਾ ਹੈ।
ਪਰਿਵਾਰਕ ਮੈਂਬਰਾਂ ਨੂੰ ਇੱਕ ਸਾਲ ਪਹਿਲਾਂ ਕੁੱਤੇ ਨੇ ਵੱਢਿਆ ਸੀ
ਜਾਣਕਾਰੀ ਅਨੁਸਾਰ, ਪਰਿਵਾਰਕ ਮੈਂਬਰਾਂ ਨੂੰ ਮੂੰਹ ਤੋਂ ਲਾਰ ਆਉਣ ਅਤੇ ਬੋਲਣ 'ਚ ਦਿੱਕਤ ਦੀਆਂ ਸ਼ਿਕਾਇਤਾਂ ਸਨ, ਜਿਸ ਤੋਂ ਬਾਅਦ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਦੱਸਿਆ ਗਿਆ ਹੈ ਕਿ ਇਹ ਲੱਛਣ ਕੁੱਤੇ ਦੇ ਕੱਟਣ ਤੋਂ ਇੱਕ ਸਾਲ ਬਾਅਦ ਆਏ। ਤਕਰੀਬਨ ਇੱਕ ਸਾਲ ਪਹਿਲਾਂ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਆਵਾਰਾ ਕੁੱਤੇ ਨੇ ਵੱਢ ਲਿਆ ਸੀ, ਜਿਸ ਪਿੱਛੋਂ ਪਰਿਵਾਰ ਵੱਲੋਂ ਇਸ ਦਾ ਕੋਈ ਇਲਾਜ ਨਹੀਂ ਕਰਵਾਇਆ ਗਿਆ।
ਉਧਰ, PGI ਤੋਂ ਮਿਲੀ ਜਾਣਕਾਰੀ ਅਨੁਸਾਰ, ਟੈਸਟ ਕਰਕੇ ਸੈਕਟਰ 16 ਵੀ ਭੇਜੇ ਗਏ ਹਨ, ਜਿਥੇ ਰੇਬੀਜ਼ ਦਾ ਇਲਾਜ ਹੁੰਦਾ ਹੈ, ਕਿਉਂਕਿ PGI ਨੇ ਅਲੱਗ ਤੋਂ 16 'ਚ ਹੀ ਇਲਾਜ ਰੱਖਿਆ ਹੈ।
- PTC NEWS