Jalandhar News : ਰਮਨ ਅਰੋੜਾ ਦੇ ਪਰਿਵਾਰ 'ਤੇ ਵੀ ਡਿੱਗੀ ਗਾਜ ,ਪੁੱਤ, ਕੁੜਮ ਅਤੇ ਇੱਕ ਨਜ਼ਦੀਕੀ ਸਹਿਯੋਗੀ ਮਾਮਲੇ 'ਚ ਨਾਮਜ਼ਦ , ਤਿੰਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ
Jalandhar News : ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੇ ਗਏ ‘ਆਪ’ ਵਿਧਾਇਕ ਰਮਨ ਅਰੋੜਾ ਦਾ ਪਰਿਵਾਰ ਅਤੇ ਰਿਸ਼ਤੇਦਾਰ ਵੀ ਮੁਸੀਬਤ ਵਿੱਚ ਘਿਰ ਗਏ ਹਨ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ, ਕੁੜਮ ਰਾਜੂ ਮਦਾਨ ਅਤੇ ਕਰੀਬੀ ਮਹੇਸ਼ ਮਖਿਜਾ ਨੂੰ ਵੀ ਮਾਮਲੇ 'ਚ ਨਾਮਜ਼ਦ ਕੀਤਾ ਹੈ। ਤਿੰਨਾਂ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਵਿਧਾਇਕ ਰਮਨ ਅਰੋੜਾ ਦੇ ਕਹਿਣ 'ਤੇ ਪੁੱਤ ਲੋਕਾਂ ਦੇ ਕੰਮ ਕਰਵਾਉਂਦਾ ਸੀ ,ਕੁੜਮ ਦਬਕੇ ਮਾਰਦਾ ਸੀ ਅਤੇ ਕਰੀਬੀ ਇਨ੍ਹਾਂ ਦਾ ਸਾਥ ਦਿੰਦਾ ਸੀ। ਵਿਜੀਲੈਂਸ ਨੂੰ ਕਈ ਅਜਿਹੇ ਸਬੂਤ ਮਿਲੇ ਹਨ ਅਤੇ ਜਾਣਕਾਰੀ ਪ੍ਰਾਪਤ ਹੋਈ ਹੈ ,ਜਿਸ ਕਰਕੇ ਤਿੰਨਾਂ ਦੀ ਸ਼ਮੂਲੀਅਤ ਨਿਕਲ ਕੇ ਸਾਹਮਣੇ ਆਈ ਹੈ। ਇਨ੍ਹਾਂ ਤਿੰਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਹੋ ਰਹੀ ਹੈ।
ਦੱਸ ਦੇਈਏ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਏਟੀਪੀ ਸੁਖਦੇਵ ਵਸ਼ਿਸ਼ਟ ਨੂੰ ਪੁਲਿਸ ਨੇ ਐਤਵਾਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਕਈ ਪਰਤਾਂ ਖੁੱਲ੍ਹੀਆਂ ,ਜਿਸ ਤੋਂ ਬਾਅਦ ਵਿਜੀਲੈਂਸ ਨੇ ਵਿਧਾਇਕ ਰਮਨ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਵਿਜੀਲੈਂਸ ਨੂੰ ਪਤਾ ਲੱਗਾ ਕਿ ਕਾਰਵਾਈ ਕਰਨ ਤੇ ਕਾਰਵਾਈ ਤੋਂ ਰੋਕਣ ਲਈ ਵਿਧਾਇਕ ਨੇ ਕੋਡ ਵਰਡ ਰੱਖੇ ਸਨ।
ਫਰਜ਼ੀ ਨੋਟਿਸ ਭੇਜਣ ਤੋਂ ਬਾਅਦ ਪਾਰਟੀ ਏਟੀਪੀ ਕੋਲ ਆਉਂਦੀ ਸੀ ਤੇ ਇਹ ਕਹਿੰਦੀ ਸੀ ਕਿ ਸਰਕਾਰੀ ਮਾਮਲਾ ਹੈ, ਸੈਂਟਰਲ ਹਲਕੇ ਦੇ ਵਿਧਾਇਕ ਰਮਨ ਹੀ ਇਸਨੂੰ ਹੱਲ ਕਰ ਸਕਦੇ ਹਨ। ਇਸ ਤੋਂ ਬਾਅਦ ਵਿਧਾਇਕ ਪਾਰਟੀ ਨਾਲ ਸੈਟਿੰਗ ਕਰਦਾ ਸੀ। ਸੈਟਿੰਗ ਤੋਂ ਬਾਅਦ ਉਹ ਪਾਰਟੀ ਨੂੰ ਘਰ ਜਾਂ ਦਫ਼ਤਰ ਬੁਲਾ ਕੇ ਏਟੀਪੀ ਨੂੰ ਕਾਲ ਕਰ ਕੇ ਖ਼ੁਦ ਕੋਲ ਮਿਲਣ ਲਈ ਬੁਲਾਉਂਦਾ ਸੀ।
- PTC NEWS