ਸਿਵਲ ਹਸਪਤਾਲ ਲੁਧਿਆਣਾ 'ਤੇ ਚੂਹਿਆਂ ਦਾ 'ਕਬਜ਼ਾ', ਰਾਤ ਭਰ ਲਾਉਂਦੇ ਨੇ ਮਹਿਫਿਲ! ਮਰੀਜ਼ ਹੋਏ ਪ੍ਰੇਸ਼ਾਨ, ਵੇਖੋ ਵੀਡੀਓ
ਚੰਡੀਗੜ੍ਹ: ਪੰਜਾਬ ਦੇ ਲੁਧਿਆਣਾ ਦਾ ਸਿਵਲ ਹਸਪਤਾਲ (Ludhiana civil Hospital) ਆਮ ਆਦਮੀ ਕਲੀਨਿਕਾਂ ਦੀ ਭੇਂਟ ਚੜ੍ਹਦਾ ਵਿਖਾਈ ਦੇ ਰਿਹਾ ਹੈ, ਕਿਉਂਕਿ ਸਰਕਾਰ ਦਾ ਸਿਵਲ ਹਸਪਤਾਲਾਂ ਵੱਲ ਧਿਆਨ ਨਾ ਹੋਣ ਕਾਰਨ ਇਨ੍ਹਾਂ ਵਿੱਚ ਸਿਹਤ ਸੇਵਾਵਾਂ ਦਾ ਮਿਆਰ ਡਿੱਗਦਾ ਜਾ ਰਿਹਾ ਹੈ। ਸਿਵਲ ਹਸਪਤਾਲ ਲੁਧਿਆਣਾ ਦੀ ਗੱਲ ਕਰੀਏ ਤਾਂ ਇਥੇ ਚੂਹਿਆਂ (Rats) ਨੇ ਤਬਾਹੀ ਮਚਾਈ ਹੋਈ ਹੈ। ਇਥੇ ਮਰੀਜ਼ਾਂ ਨਾਲੋਂ ਚੂਹੇ ਜ਼ਿਆਦਾ ਹਨ। ਜੱਚਾ-ਬੱਚਾ ਹਸਪਤਾਲ ਦੀ ਇਮਾਰਤ 'ਚ ਹਰ ਰੋਜ਼ ਚੂਹੇ ਛਾਲਾਂ ਮਾਰ ਰਹੇ ਹਨ। ਚੂਹਿਆਂ ਤੋਂ ਪ੍ਰੇਸ਼ਾਨ ਮਰੀਜ਼ਾਂ ਨੂੰ ਸਾਰੀ ਰਾਤ ਜਾਗ ਕੇ ਕੱਟਣੀ ਪੈਂਦੀ ਹੈ।
ਮਰੀਜ਼ਾਂ ਦੇ ਦੱਸਣ ਅਨੁਸਾਰ, ਚੂਹੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਘਰੋਂ ਲਿਆਂਦੇ ਭੋਜਨ ਨੂੰ ਵੀ ਖਾ ਜਾਂਦੇ ਹਨ ਅਤੇ ਭਾਂਡੇ ਖਿੱਚ ਕੇ ਲੈ ਜਾਂਦੇ ਹਨ। ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਚੂਹਿਆਂ ਦੀਆਂ ਇਨ੍ਹਾਂ ਹਰਕਤਾਂ ਦੀਆਂ ਕੁੱਝ ਵੀਡੀਓਜ਼ ਵੀ ਬਣਾਈਆਂ ਗਈਆਂ ਹਨ, ਜਿਸ ਵਿੱਚ 10 ਤੋਂ 15 ਦੇ ਕਰੀਬ ਚੂਹੇ ਇੱਕ ਥਾਲੀ ਵਿੱਚੋਂ ਖਾਣਾ ਖਾ ਰਹੇ ਹਨ ਅਤੇ 60 ਤੋਂ 80 ਚੂਹੇ ਰਾਤ ਨੂੰ ਮੰਜੇ ’ਤੇ ਚੜ੍ਹ ਕੇ ਪ੍ਰੇਸ਼ਾਨ ਕਰ ਰਹੇ ਹਨ। ਕਈ ਵਾਰ ਨਵਜੰਮੇ ਬੱਚਿਆਂ ਦੀ ਸੁਰੱਖਿਆ ਲਈ ਔਰਤਾਂ ਨੂੰ ਪੂਰੀ ਰਾਤ ਜਾਗਣਾ ਪੈਂਦਾ ਹੈ। ਹਸਪਤਾਲ ਦੇ ਹਾਲਾਤ ਇੰਨੇ ਮਾੜੇ ਹਨ ਕਿ ਦਿਨ ਵੇਲੇ ਵਾਰਡਾਂ ਵਿੱਚ ਕਬੂਤਰ ਉੱਡਦੇ ਰਹਿੰਦੇ ਹਨ। ਭਾਵੇਂ ਤੁਸੀਂ ਭੋਜਨ ਜਾਂ ਪਾਣੀ ਦੀਆਂ ਬੋਤਲਾਂ ਰੱਖਦੇ ਹੋ, ਚੂਹੇ ਉਨ੍ਹਾਂ ਨੂੰ ਵੀ ਖਾਂਦੇ ਹਨ। ਇਹ ਸਾਰੇ ਹਸਪਤਾਲ ਦੀ ਇਮਾਰਤ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿੱਥੇ ਇਹ ਚੂਹੇ ਰਹਿੰਦੇ ਹਨ।
ਹਸਪਤਾਲ 'ਚ ਦਾਖ਼ਲ ਮਰੀਜ਼ ਰਿਤੂ ਨੇ ਦੱਸਿਆ ਕਿ ਉਸ ਦੇ ਬੱਚੇ ਦਾ ਜਨਮ ਹਾਲ ਹੀ ਵਿੱਚ ਇੱਕ ਆਪ੍ਰੇਸ਼ਨ ਰਾਹੀਂ ਹੋਇਆ ਹੈ ਅਤੇ ਜਿਸ ਵਾਰਡ 'ਚ ਉਸ ਨੂੰ ਰੱਖਿਆ ਗਿਆ ਹੈ, ਉੱਥੇ ਰਾਤ ਸਮੇਂ ਵੱਡੀ ਗਿਣਤੀ 'ਚ ਚੂਹੇ ਛਾਲਾਂ ਮਾਰਦੇ ਹਨ। ਹਾਲਤ ਇੰਨੀ ਮਾੜੀ ਹੈ ਕਿ ਚੂਹੇ ਮਰੀਜ਼ਾਂ ਦੇ ਬੈੱਡਾਂ 'ਤੇ ਚੜ੍ਹ ਜਾਂਦੇ ਹਨ। ਇਨ੍ਹਾਂ ਹਾਲਾਤਾਂ ਵਿੱਚ ਸਿਵਲ ਹਸਪਤਾਲ ਵਿੱਚ ਰਹਿਣਾ ਬਹੁਤ ਔਖਾ ਹੈ।
ਮਰੀਜ਼ ਸੁਸ਼ਮਾ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਪ੍ਰਯਾਗਰਾਜ ਦੀ ਰਹਿਣ ਵਾਲੀ ਹੈ। ਉਹ ਲੁਧਿਆਣਾ ਦੇ ਢੰਡਾਰੀ ਇਲਾਕੇ ਵਿੱਚ ਰਹਿੰਦੀ ਹੈ। ਕਈ ਵਾਰ ਤਾਂ ਚੂਹੇ ਰਾਤ ਨੂੰ ਕੰਬਲ ਵੀ ਖਿੱਚ ਲੈਂਦੇ ਹਨ।
ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਰੀਜ਼ ਖਾਣਾ ਖਾ ਕੇ ਚਲੇ ਜਾਂਦੇ ਹਨ, ਜਿਸ ਕਾਰਨ ਚੂਹੇ ਆਉਂਦੇ ਹਨ। ਜਦਕਿ ਇੱਕ ਮਰੀਜ਼ ਦੇ ਪਤੀ ਏਜਾਜ਼ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ। ਉਸ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਵਾਰਡ ਵਿਚ ਉਸ ਨੂੰ ਰੱਖਿਆ ਗਿਆ ਹੈ, ਉਸ ਵਿਚ ਚੂਹੇ ਘੁੰਮ ਰਹੇ ਹਨ। ਉਸ ਨੇ ਕਿਹਾ ਕਿ ਮਰੀਜ਼ ਪੂਰੀ ਤਰ੍ਹਾਂ ਸਾਫ-ਸਫ਼ਾਈ ਰੱਖਦੇ ਹਨ। ਉਸ ਨੇ ਦੱਸਿਆ ਕਿ ਮਦਰ-ਚਾਈਲਡ ਹਸਪਤਾਲ (MCH) ਦੀ ਫਾਲਸ ਸੀਲਿੰਗ ਦੋ ਵਾਰ ਡਿੱਗ ਚੁੱਕੀ ਹੈ। 29 ਅਗਸਤ 2023 ਨੂੰ ਜ਼ਮੀਨੀ ਮੰਜ਼ਿਲ 'ਤੇ ਸਥਿਤ ਵੱਡੇ ਲੇਬਰ ਰੂਮ ਦੀ ਫਾਲਸ ਸੀਲਿੰਗ ਡਿੱਗ ਗਈ ਸੀ। 28 ਅਗਸਤ ਦੀ ਰਾਤ ਕਰੀਬ 11:30 ਵਜੇ ਜਿਵੇਂ ਹੀ ਛੱਤ ਦਾ ਥੋੜ੍ਹਾ ਜਿਹਾ ਹਿੱਸਾ ਹੇਠਾਂ ਡਿੱਗਿਆ ਤਾਂ ਸਟਾਫ ਨੇ ਮਰੀਜ਼ਾਂ ਨੂੰ ਦੋਵਾਂ ਕਮਰਿਆਂ ਤੋਂ ਸ਼ਿਫਟ ਕਰ ਦਿੱਤਾ ਸੀ। ਅਗਲੀ ਸਵੇਰ ਵੀ 5 ਵਜੇ ਫਾਲਸ ਸੀਲਿੰਗ ਪੂਰੀ ਤਰ੍ਹਾਂ ਢਹਿ ਗਈ ਹਾਲਾਂਕਿ ਦੋਵੇਂ ਕਮਰੇ ਪਹਿਲਾਂ ਹੀ ਖਾਲੀ ਹੋਣ ਕਾਰਨ ਕੋਈ ਹਾਦਸਾ ਨਹੀਂ ਵਾਪਰਿਆ।
ਅਟੈਂਡੈਂਟ ਹਰਕੇਸ਼ ਨੇ ਦੱਸਿਆ ਕਿ ਚੂਹੇ ਰਾਤ ਨੂੰ ਟੋਇਆਂ ਵਿੱਚੋਂ ਬਾਹਰ ਆ ਜਾਂਦੇ ਹਨ। ਕਈ ਵਾਰ ਅਸੀਂ ਚੂਹਿਆਂ ਨੂੰ ਭਜਾਉਂਦੇ ਹਾਂ, ਪਰ ਉਹ ਕਦੇ ਭੱਜਦੇ ਹਨ। ਜੇਕਰ ਕੁਝ ਦੇਰ ਲਈ ਨਿਕਲ ਵੀ ਜਾਣ ਤਾਂ ਕੁਝ ਦੇਰ ਬਾਅਦ ਚੂਹਿਆਂ ਦੀ ਫੌਜ ਫਿਰ ਮਰੀਜ਼ਾਂ ਦੇ ਬਿਸਤਰਿਆਂ 'ਤੇ ਹਮਲਾ ਕਰ ਦਿੰਦੀ ਹੈ, ਚੂਹੇ ਸੌਂਦੇ ਸਮੇਂ ਵੀ ਕੱਟਦੇ ਹਨ।
ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਦੀਪਿਕਾ ਗੋਇਲ ਨੇ ਕਿਹਾ ਹੈ ਕਿ ਇੱਥੇ ਚੂਹੇ ਹਨ। ਇਸ ਤੋਂ ਪਹਿਲਾਂ ਹਸਪਤਾਲ ਵੱਲੋਂ ਸਟਿੱਕੀ ਮੈਟ ਅਤੇ ਦਵਾਈਆਂ ਆਦਿ ਦੀ ਸਪਲਾਈ ਕੀਤੀ ਜਾਂਦੀ ਸੀ। ਹੁਣ ਪੀਏਯੂ ਦੇ ਭੂ-ਵਿਗਿਆਨ ਵਿਭਾਗ ਨਾਲ ਗੱਲ ਕੀਤੀ ਹੈ। ਚੂਹਿਆਂ ਲਈ ਦਵਾਈ ਪਾਈ ਜਾ ਰਹੀ ਹੈ। ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਆ ਗਿਆ ਹੈ। ਇਸ ਤੋਂ ਪਹਿਲਾਂ 18 ਮਾਰਚ ਨੂੰ ਵੀ ਪੀਏਯੂ ਨਾਲ ਇੱਕ ਸਰਵੇਖਣ ਕੀਤਾ ਗਿਆ ਸੀ। ਸੀਵਰੇਜ ਵਿੱਚ ਜਿੱਥੇ ਕਿਤੇ ਵੀ ਰੁਕਾਵਟ ਹੈ, ਉਸ ਨੂੰ ਠੀਕ ਕਰ ਦਿੱਤਾ ਗਿਆ ਹੈ। ਸਫਾਈ ਕਰਮਚਾਰੀਆਂ ਨੂੰ ਵੀ ਸਫਾਈ ਦਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ ਹੈ।
-