Raebareli 'ਚ ਭਿਆਨਕ ਸੜਕ ਹਾਦਸਾ, 4 ਲੜਕੀਆਂ ਦੀ ਮੌਤ, ਕਈ ਲੜਕੀਆਂ ਗੰਭੀਰ ਜ਼ਖਮੀ
Raebareli Road Accident : ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਵਿੱਚ ਐਤਵਾਰ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਨਿਰਮਾਣ ਅਧੀਨ ਗੰਗਾ ਐਕਸਪ੍ਰੈਸਵੇਅ 'ਤੇ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹੇ ਕਈ ਯਾਤਰੀਆਂ ਨੂੰ ਕੁਚਲ ਦਿੱਤਾ, ਜਿਸ ਵਿੱਚ ਚਾਰ ਲੜਕੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਜ਼ਖਮੀ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਲੜਕੀਆਂ ਭੰਡਾਰੇ ਤੋਂ ਪ੍ਰਸ਼ਾਦ ਲੈ ਕੇ ਘਰ ਪਰਤ ਰਹੀਆਂ ਸਨ।
ਯੂਪੀ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਜਗਤਪੁਰ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸੁਲਤਾਨਪੁਰ ਜਨੌਲੀ ਪਿੰਡ ਦੇ ਨੇੜੇ ਵਾਪਰਿਆ। ਇਸ ਪਿੰਡ ਵਿੱਚ ਗੰਗਾ ਐਕਸਪ੍ਰੈਸਵੇਅ 'ਤੇ ਨਿਰਮਾਣ ਕਾਰਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਪੀੜਤ ਸੜਕ ਪਾਰ ਕਰ ਰਹੇ ਸਨ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਹੋਰਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ 9 ਦੇ ਕਰੀਬ ਲੜਕੀਆਂ ਨੇੜਲੇ ਪਿੰਡ ਵਿੱਚ ਭੰਡਾਰੇ ਵਿੱਚ ਸ਼ਾਮਲ ਹੋਣ ਲਈ ਗਈਆਂ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਐਕਸਪ੍ਰੈਸਵੇਅ ਪਾਰ ਕਰ ਰਹੀਆਂ ਸਨ। ਹਾਦਸੇ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਿਸ ਕਾਰ ਨੇ ਕੁੜੀਆਂ ਨੂੰ ਟੱਕਰ ਮਾਰੀ ਸੀ, ਉਸਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਇਸ ਵੇਲੇ ਹੋਰ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ 23 ਸਾਲਾ ਹਿਮਾਂਸ਼ੀ ਅਤੇ 22 ਸਾਲਾ ਸ਼ਾਲਿਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਸਾਰੀਆਂ ਛੇ ਹੋਰ ਕੁੜੀਆਂ ਨੂੰ ਹਸਪਤਾਲ ਪਹੁੰਚਾਇਆ ਪਰ ਦੋ ਰਸ਼ਮੀ ਅਤੇ ਅਸਮਾ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਈਆਂ। ਰਾਏਬਰੇਲੀ ਦੇ ਪੁਲਿਸ ਸੁਪਰਡੈਂਟ ਅਰੁਣ ਕੁਮਾਰ ਨੌਹਵਰ ਨੇ ਕਿਹਾ, "ਜਗਤਪੁਰ ਥਾਣਾ ਖੇਤਰ ਵਿੱਚ ਇੱਕ ਸੜਕ ਹਾਦਸਾ ਵਾਪਰਿਆ। ਕੁਝ ਕੁੜੀਆਂ ਗੰਗਾ ਐਕਸਪ੍ਰੈਸਵੇਅ 'ਤੇ ਪੈਦਲ ਜਾ ਰਹੀਆਂ ਸਨ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। "ਘਟਨਾ ਵਿੱਚ ਚਾਰ ਔਰਤਾਂ ਦੀ ਮੌਤ ਹੋ ਗਈ। ਜ਼ਖਮੀਆਂ ਦਾ ਜ਼ਿਲ੍ਹਾ ਹਸਪਤਾਲ ਅਤੇ ਸੀਐਚਸੀ ਵਿੱਚ ਇਲਾਜ ਚੱਲ ਰਿਹਾ ਹੈ।"
- PTC NEWS