Ropar : ਲੇਹ 'ਚ ਸ਼ਹੀਦ ਹੋਏ ਜਵਾਨ ਸਰਬਜੀਤ ਸਿੰਘ ਦੀ ਮ੍ਰਿਤਕ ਦੇਹ ਘਰ ਪਹੁੰਚੀ, 5 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
Ropar : 5 ਮਹੀਨੇ ਪਹਿਲਾਂ ਵਿਆਹਿਆ ਪੰਜਾਬ ਆਰਮਡ ਰੈਜੀਮੈਂਟ ਦਾ ਜਵਾਨ ਸਰਬਜੀਤ ਸਿੰਘ ਵਿਆਹ ਤੋਂ ਬਾਅਦ ਪਹਿਲੀ ਵਾਰ ਛੁੱਟੀ ਲੈ ਕੇ ਘਰ ਵਾਪਸ ਪਰਤਣ ਦੀ ਤਿਆਰੀ ਕਰ ਰਿਹਾ ਸੀ ਤੇ ਘਰ ਵਿੱਚ ਵੀ ਸਰਬਜੀਤ ਸਿੰਘ ਦੇ ਪੁੱਜਣ ਦਾ ਚਾਅ ਸੀ, ਪਰ ਅੱਜ ਸਰਬਜੀਤ ਸਿੰਘ ਤਿਰੰਗੇ ਝੰਡੇ ਵਿੱਚ ਲਿਪਟਿਆ ਹੋਇਆ ਘਰ ਪੁੱਜਾ। ਪੰਜਾਬ ਆਰਮਡ ਰੈਜੀਮੈਂਟ ਦਾ ਜਵਾਨ ਸ਼ਹੀਦ ਸਰਬਜੀਤ ਸਿੰਘ ਲੇਹ (ਲੱਦਾਖ) ਵਿਖੇ ਸ਼ਹੀਦ ਹੋ ਗਿਆ।
ਪਿੰਡ ਬਿੰਦਰਖ ਦੇ ਰਹਿਣ ਵਾਲੇ ਨਾਇਕ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਲੇਹ ਦੇ ਉੱਚਾਈ ਵਾਲੇ ਖੇਤਰ ਵਿੱਚ ਤਾਇਨਾਤ ਸਨ, ਜਿੱਥੇ ਅਚਾਨਕ ਆਕਸੀਜਨ ਦੀ ਕਮੀ ਹੋਣ ਕਾਰਨ ਉਹ ਸ਼ਹੀਦ ਹੋ ਗਏ। ਸ਼ਹੀਦ ਦੀ ਮ੍ਰਿਤਕ ਦੇਹ ਉਸਦੇ ਘਰ ਪਿੰਡ ਬਿੰਦਰਖ ਵਿਖੇ ਪੁੱਜੀ ਤਾਂ ਪਿੰਡ ਸਮੇਤ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਸ਼ਹੀਦ ਸਰਬਜੀਤ ਸਿੰਘ ਦਾ ਵਿਆਹ ਅਜੇ 25 ਜਨਵਰੀ 2026 ਨੂੰ ਹੀ ਹੋਇਆ ਸੀ ਤੇ ਵਿਆਹ ਤੋਂ ਬਾਅਦ ਸਰਬਜੀਤ ਸਿੰਘ ਨੇ ਪਹਿਲੀ ਵਾਰ ਛੁੱਟੀ ਲੈ ਕੇ ਘਰ ਆਉਣਾ ਸੀ, ਪਰ ਬੀਤੀ ਦਿਨ ਜਦੋਂ ਪਰਿਵਾਰ ਨੂੰ ਉਸਦੇ ਸ਼ਹੀਦ ਹੋਣ ਦਾ ਸੁਨੇਹਾ ਮਿਲਿਆ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਅੱਜ ਭਾਰਤੀ ਫੌਜੀ ਦੇ ਜਵਾਨ ਸ਼ਹੀਦ ਸਰਬਜੀਤ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਪੁੱਜੇ ਤਾਂ ਪਿੰਡ ਵਿੱਚ ਸ਼ਹੀਦ ਸਰਬਜੀਤ ਸਿੰਘ ਅਮਰ ਰਹੇ ਦੇ ਨਾਰੇ ਗੂੰਜਦੇ ਰਹੇ, ਪਰ ਸਰਬਜੀਤ ਸਿੰਘ ਦੀ ਪਤਨੀ ਸਮੇਤ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਉੱਨਾਂ ਨੂੰ ਆਪਣੇ ਸ਼ਹੀਦ ਪੁੱਤਰ ਤੇ ਮਾਣ ਹੈ ਕਿ ਉਹ ਦੇਸ਼ ਦੇ ਲ਼ੇਖੇ ਲੱਗਿਆ ਹੈ। ਭਾਰਤੀ ਫੌਜ ਦੀ ਟੁਕੜੀ ਵੱਲੋਂ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਸਰਬਜੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਹਲਕੇ ਦੇ ਵਿਧਾਇਕ ਸਮੇਤ ਹੋਰ ਰਾਜਨੀਤਿਕ ਤੇ ਸਮਾਜਿਕ ਆਗੂਆਂ ਨੇ ਪਰਿਵਾਰ ਨਾਲ ਦੁੱਖ ਵੰਡਾਇਆ ਤੇ ਸ਼ਹੀਦ ਦੀ ਯਾਦਗਾਰ ਬਣਾਉਣ ਦੀ ਗੱਲ ਵੀ ਕਹੀ।
- PTC NEWS