SAD ਪੰਜਾਬ ਯੂਨੀਵਰਸਿਟੀ ਦੇ ਮੌਲਿਕ ਸਰੂਪ ਨੂੰ ਬਦਲਣ ਲਈ ਜਾਰੀ ਕੇਂਦਰੀ ਨੋਟੀਫਿਕੇਸ਼ਨ ਖਿਲਾਫ਼ 10 ਨਵੰਬਰ ਦੇ ਸਾਂਝੇ ਰੋਸ ਵਿਖਾਵੇ 'ਚ ਸ਼ਾਮਲ ਹੋਵੇਗਾ : ਰੋਮਾਣਾ
PU Syndicate and Senate Case : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਕਿਹਾ ਕਿ ਪਾਰਟੀ ਪੰਜਾਬ ਯੂਨੀਵਰਸਿਟੀ ਦੇ ਮੌਲਿਕ ਸਰੂਪ ਵਿਚ ਤਬਦੀਲੀ ਕਰਨ ਲਈ ਜਾਰੀ ਕੀਤੇ ਕੇਂਦਰੀ ਨੋਟੀਫਿਕੇਸ਼ਨ ਦੇ ਖਿਲਾਫ 10 ਨਵੰਬਰ ਨੂੰ ਹੋਣ ਵਾਲੇ ਸਾਂਝੇ ਰੋਸ ਪ੍ਰਦਰਸ਼ਨ ਖਿਲਾਫ ਡੱਟ ਕੇ ਸ਼ਾਮਲ ਹੋਵੇਗਾ ਅਤੇ ਕਿਸੇ ਵੀ ਕੀਮਤ ’ਤੇ ਇਸ ਯੂਨੀਵਰਸਿਟੀ ਨੂੰ ਕੇਂਦਰੀ ਕੰਟਰੋਲ ਹੇਠ ਲੈਣ ਦੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗਾ।
ਪਰਮਬੰਸ ਸਿੰਘ ਰੋਮਾਣਾ, ਜਿਹਨਾਂ ਨੇ ਯੂਨੀਵਰਸਿਟੀ ਕੈਂਪਸ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਨੇ ਕਿਹਾ ਕਿ ਇਸ ਨੋਟੀਫਿਕੇਸ਼ਨ ਰਾਹੀਂ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਨੂੰ ਕੇਂਦਰ ਸਰਕਾਰ ਦੀ ਰਬੜ ਦੀ ਮੋਹਰ ਬਣਾਉਣ ਦਾ ਯਤਨ ਕੀਤਾ ਗਿਆ ਹੈ ਤੇ ਇਯ ਵਾਸਤੇ ਗਰੈਜੂਏਟ ਹਲਕੇ ਖਤਮ ਕਰ ਦਿੱਤੇ ਗਏ ਹਨ ਅਤੇ ਇਸ ਅਹਿਮ ਸੰਸਥਾ ’ਤੇ ਪੰਜਾਬ ਦੀ ਪਕੜ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਇਸਨੂੰ ਪੰਜਾਬ ਦੀ ਪਛਾਣ ’ਤੇ ਹਮਲਾ ਕਰਾਰ ਦਿੰਦਿਆਂ ਰੋਮਾਣਾ ਨੇ ਕਿਹਾ ਕਿ ਇਹ ਪੰਜਾਬ ਦੀ ਆਵਾਜ਼ ਕੁਚਲਣ ਦਾ ਇਕ ਯਤਨ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਅਕਾਲੀ ਦਲ ਨੂੰ ਅਪੀਲ ਕੀਤੀ ਕਿ ਉਹ ਖੇਤਰੀ ਪਾਰਟੀ ਹੋਣ ਦੇ ਨਾਅਤੇ ਨੋਟੀਫਿਕੇਸ਼ਨ ਦੇ ਖਿਲਾਫ ਲੜਾਈ ਦੀ ਅਗਵਾਈ ਕਰੇ। ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਯੂਨੀਵਰਸਿਟੀ ਦਾ ਦੌਰਾ ਕਰਨਗੇ ਅਤੇ ਉਹਨਾਂ ਭਰੋਸਾ ਦੁਆਇਆ ਕਿ ਯੂਥ ਅਕਾਲੀ ਦਲ ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਤੋਂ ਯੂਥ ਵਰਕਰ ਵੀ ਇਸ ਮਾਮਲੇ ’ਤੇ ਨਿਆਂ ਹਾਸਲ ਕਰਨ ਦੀ ਲੜਾਈ ਵਿਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਮਦਦ ਕਰਨਗੇ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹਾਂ ਅਤੇ ਇਸ ਲੜਾਈ ਨੂੰ ਤਰਕਸੰਗਤ ਹੱਲ ਤੱਕ ਲੈ ਕੇ ਜਾਵਾਂਗੇ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਭਾਜਪਾ-ਆਰ ਐਸ ਐਸ ਦਾ ਏਜੰਡਾ ਯੂਨੀਵਰਸਿਟੀ ਵਿਚ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਰੇ ਪ੍ਰੋਫੈਸਰਾਂ ਤੇ ਪ੍ਰਿੰਸੀਪਲਾਂ ਦੀ ਨਿਯੁਕਤੀ ਇਸ ਏਜੰਡੇ ਤਹਿਤ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ 200 ਕਾਲਜਾਂ ਵਿਚ ਵਿਦਿਆਰਥੀਆਂ ਨੂੰ ਕੀ ਪੜ੍ਹਾਇਆ ਜਾਣਾ ਹੈ ਇਸਦਾ ਫੈਸਲਾ ਵੀ ਭਾਜਪਾ-ਆਰ ਐਸ ਐਸ ਕਰ ਰਹੀ ਹੈ।
ਪਰਮਬੰਸ ਸਿੰਘ ਰੋਮਾਣਾ ਨੇ ਇਹ ਵੀ ਦੱਸਿਆ ਕਿ ਕਿਵੇਂ ਕੇਂਦਰ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰ ਰਿਹਾ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਤੇ ਪੰਜਾਬ ਦੇ ਕੰਟਰੋਲ ਨੂੰ ਖੋਰਾ ਲਾਉਣ ਦਾ ਯਤਨ ਕਰਦਿਆਂ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਤੋਂ ਦੋ ਪੂਰਨ ਕਾਲੀ ਡਾਇਰੈਕਟਰ ਲਾਉਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਹੁਣ ਸਿੰਡੀਕੇਟ ਚੋਣਾਂ ਖ਼ਤਮ ਕਰ ਕੇ ਅਤੇ ਸੈਨੇਟ ਨੂੰ ਕੇਂਦਰ ਵੱਲੋਂ ਨਾਮਜ਼ਦ ਅਤੇ ਐਕਸ ਆਫੀਸ਼ੀਓ ਮੈਂਬਰਾਂ ਨਾਲ ਭਰ ਕੇ ਪੰਜਾਬ ਯੂਨੀਵਰਸਿਟੀ ਦਾ ਕੰਟਰੋਲ ਸਿੱਧਾ ਆਪਣੇ ਹੱਥ ਵਿਚ ਲੈਦ ਦਾ ਯਤਨ ਕੀਤਾ ਜਾ ਰਿਹਾ ਹੈ ਜਦੋਂ ਕਿ ਇਹ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਦਾ ਹਿੱਸਾ ਹੈ।
ਪਰਮਬੰਸ ਸਿੰਘ ਰੋਮਾਣਾ ਨੇ ਚੇਤਨ ਚੌਧਰੀ ਸਮੇਤ ਯੂਥ ਅਕਾਲੀ ਦਲ ਦੇ ਆਗੂਆਂ ਨੂੰ ਵਧਾਈ ਦਿੱਤੀ ,ਜਿਹਨਾਂ ਨੇ ਪੰਜਾਬ ਯੂਨੀਵਰਸਿਟੀ ਅਧਿਕਾਰੀਆਂ ਨੂੰ ਉਹ ਵਿਵਾਦਗ੍ਰਸਤ ਹੁਕਮ ਵਾਪਸ ਲੈਣ ਲਈ ਮਜਬੂਰ ਕੀਤਾ ,ਜਿਸ ਤਹਿਤ ਵਿਦਿਆਰਥੀਆਂ ਨੂੰ ਇਹ ਹਲਫੀਆ ਬਿਆਨ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਕਿ ਉਹ ਕੈਂਪਸ ਵਿਚ ਕਦੇ ਵੀ ਰੋਸ ਵਿਖਾਵਾ ਨਹੀਂ ਕਰਨਗੇ।
- PTC NEWS