Samrala News : 13 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ’ਚੋਂ ਮਿਲੀ ਲਾਸ਼
Machhiwara Sahib News : ਸਮਰਾਲਾ ਦਾ ਨਿਵਾਸੀ ਨੌਜਵਾਨ ਕਰਨਵੀਰ ਸਿੰਘ ਜੋ ਕਿ 13 ਦਿਨਾਂ ਤੋਂ ਲਾਪਤਾ ਸੀ ਅੱਜ ਉਸਦੀ ਲਾਸ਼ ਮਾਛੀਵਾੜਾ ਨੇੜ੍ਹੇ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿਚੋਂ ਮਿਲ ਗਈ ਹੈ। ਨੌਜਵਾਨ ਦੀ ਮਾਤਾ ਅੰਮ੍ਰਿਤਪਾਲ ਕੌਰ ਵਲੋਂ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਕਿ ਉਸਦਾ ਪੁੱਤਰ ਕਰਨਵੀਰ ਸਿੰਘ ਲੰਘੀ 5 ਫਰਵਰੀ ਤੋਂ ਲਾਪਤਾ ਹੈ। ਰਿਪੋਰਟ ਦਰਜ ਕਰਨ ਤੋਂ ਬਾਅਦ ਪੁਲਸ ਤੇ ਪਰਿਵਾਰਕ ਮੈਂਬਰਾਂ ਵਲੋਂ ਲਾਪਤਾ ਨੌਜਵਾਨ ਦੀ ਤਲਾਸ਼ ਕੀਤੀ ਜਾ ਰਹੀ ਸੀ।
ਮੋਬਾਇਲ ਦੀਆਂ ਲੋਕੇਸ਼ਨਾਂ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਇਹ ਨੌਜਵਾਨ ਆਪਣੇ ਦੋਸਤਾਂ ਨਾਲ ਖਮਾਣੋ ਗਿਆ ਸੀ ,ਜਿਸ ਤੋਂ ਬਾਅਦ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਨਸ਼ਾ ਕਰਨ ਦਾ ਆਦੀ ਸੀ ,ਜੋ 1 ਸਾਲ ਨਸ਼ਾ ਛੁਡਾਓ ਕੇਂਦਰ ਵਿਚ ਵੀ ਦਾਖਲ ਰਿਹਾ ,ਜੋ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਸੀ। ਪਰਿਵਾਰ ਤੇ ਪੁਲਸ ਵਲੋਂ ਜਦੋਂ ਉਸਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇੱਕ ਨੇ ਜਾਣਕਾਰੀ ਦਿੱਤੀ ਕਿ ਉਸਦੀ ਮੌਤ ਹੋ ਗਈ, ਜਿਸ ਕਾਰਨ ਉਸਦੀ ਲਾਸ਼ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿਚ ਸੁੱਟ ਦਿੱਤੀ ਹੈ।
ਪਰਿਵਾਰਕ ਮੈਂਬਰ 2 ਦਿਨ ਤੋਂ ਲਾਸ਼ ਦੀ ਤਲਾਸ਼ ਕਰ ਰਹੇ ਸਨ ਕਿ ਅੱਜ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਜੰਗਲੀ ਖੇਤਰ ’ਚੋਂ ਬਹੁਤ ਬਦਬੂ ਆ ਰਹੀ ਹੈ ਅਤੇ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਪੁਲਸ ਤੇ ਪਰਿਵਾਰਕ ਮੈਂਬਰ ਜਦੋਂ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇਹ ਲਾਸ਼ ਕਰਨਵੀਰ ਸਿੰਘ ਦੀ ਸੀ ਜੋ ਕਿ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ। ਪੁਲਸ ਵਲੋਂ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ।
ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਨੇ ਆਰੋਪ ਲਗਾਏ ਕਿ ਨੌਜਵਾਨ ਕਰਨਵੀਰ ਸਿੰਘ ਦਾ ਕਤਲ ਕੀਤਾ ਗਿਆ ਹੈ ਜਾਂ ਉਸ ਨੂੰ ਨਸ਼ੇ ਦੀ ਓਵਰਡੋਜ ਦੇ ਕੇ ਮਾਰਿਆ ਗਿਆ ਹੈ। ਇਸ ਲਈ ਪੁਲਿਸ ਆਰੋਪੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਥਾਣਾ ਮੁਖੀ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਤਲ ਦਾ ਅਸਲ ਕਾਰਨ ਕੀ ਹੈ ਅਤੇ ਜੋ ਵੀ ਆਰੋਪੀ ਹੋਣਗੇ, ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- PTC NEWS