DIG ਨੂੰ ਜੇਲ੍ਹ ਭਿਜਵਾਉਣ ਵਾਲੇ ਸਕ੍ਰੈਪ ਡੀਲਰ ਨੂੰ ਮਿਲੇਗੀ ਸੁਰੱਖਿਆ, ਹਾਈ ਕੋਰਟ ਨੇ ਸਰਕਾਰ ਅਤੇ CBI ਨੂੰ ਦਿੱਤੇ ਹੁਕਮ ,ਦੱਸਿਆ ਜਾਨ ਨੂੰ ਖ਼ਤਰਾ
DIG Harcharan Singh Bhullar Case : ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਰਿਸ਼ਵਤ ਦੀ ਸ਼ਿਕਾਇਤ ਦੇਣ ਵਾਲੇ ਸਕ੍ਰੈਪ ਡੀਲਰ ਨੂੰ ਸੁਰੱਖਿਆ ਮਿਲੇਗੀ। ਸਕ੍ਰੈਪ ਡੀਲਰ ਆਕਾਸ਼ ਬੱਤਾ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ। ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਕੀਤੀ। ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਸੀਬੀਆਈ ਨੂੰ ਆਕਾਸ਼ ਬੱਤਾ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਦਿੱਤੇ।
ਵੀਰਵਾਰ (16 ਅਕਤੂਬਰ) ਨੂੰ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਮੋਹਾਲੀ ਸਥਿਤ ਉਨ੍ਹਾਂ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ ਟਰੈਪ ਲਗਾ ਕੇ ਡੀਆਈਜੀ ਨੂੰ ਗ੍ਰਿਫ਼ਤਾਰ ਕੀਤਾ ਸੀ। ਜਦੋਂ ਡੀਆਈਜੀ ਦੇ ਵਿਚੋਲੇ ਨੇ ਸੈਕਟਰ 21, ਚੰਡੀਗੜ੍ਹ ਵਿੱਚ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ ਰਿਸ਼ਵਤ ਲਈ ਤਾਂ ਸੀਬੀਆਈ ਨੇ ਉਸ ਤੋਂ ਡੀਆਈਜੀ ਨੂੰ ਕਾਲ ਕਰਾਈ।
ਦਲਾਲ ਨੇ ਕਿਹਾ ਕਿ 8 ਲੱਖ ਰੁਪਏ ਮਿਲ ਗਏ। ਇਸ ਤੋਂ ਬਾਅਦ ਡੀਆਈਜੀ ਨੇ ਦਲਾਲ ਅਤੇ ਕਾਰੋਬਾਰੀ ਨੂੰ ਰਿਸ਼ਵਤ ਦੇ ਪੈਸੇ ਲੈ ਕੇ ਆਪਣੇ ਮੋਹਾਲੀ ਦਫ਼ਤਰ ਆਉਣ ਲਈ ਕਿਹਾ। ਇਸ ਤੋਂ ਬਾਅਦ ਸੀਬੀਆਈ ਵੀ ਦੋਵਾਂ ਨੂੰ ਲੈ ਕੇ ਦਫ਼ਤਰ ਪਹੁੰਚੀ। ਜਿਵੇਂ ਹੀ ਡੀਆਈਜੀ ਨੇ ਰਿਸ਼ਵਤ ਦੀ ਰਕਮ ਲਈ ਤਾਂ ਸੀਬੀਆਈ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਡੀਆਈਜੀ ਨੂੰ ਇੱਕ ਗੁਪਤ ਸਥਾਨ 'ਤੇ ਲਿਜਾਇਆ ਗਿਆ। ਇਸ ਦੌਰਾਨ ਚੰਡੀਗੜ੍ਹ ਅਤੇ ਦਿੱਲੀ ਤੋਂ ਸੀਬੀਆਈ ਟੀਮਾਂ ਨੇ ਤੁਰੰਤ ਡੀਆਈਜੀ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਗ੍ਰਿਫ਼ਤਾਰ DIG ਹਰਚਰਨ ਸਿੰਘ ਭੁੱਲਰ ਦੇ ਚੰਡੀਗੜ੍ਹ ਘਰੋਂ ਬਰਾਮਦ ਸਮਾਨ
ਕਰੀਬ 7.5 ਕਰੋੜ ਰੁਪਏ ਦੀ ਨਕਦੀ ਬਰਾਮਦ
26 ਲਗਜ਼ਰੀ ਘੜੀਆਂ ਸਮੇਤ ਕਰੀਬ 2.5 ਕਿਲੋਗ੍ਰਾਮ ਸੋਨੇ ਦੇ ਗਹਿਣੇ ਬਰਾਮਦ
50 ਤੋਂ ਵੱਧ ਅਚੱਲ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼
ਲਾਕਰ ਦੀਆਂ ਚਾਬੀਆਂ ਅਤੇ ਕਈ ਬੈਂਕ ਖਾਤਿਆਂ ਦੇ ਵੇਰਵੇ
100 ਜ਼ਿੰਦਾ ਕਾਰਤੂਸਾਂ ਸਮੇਤ 4 ਹਥਿਆਰ ਬਰਾਮਦ
ਸਮਰਾਲਾ ਵਿਖੇ ਫਾਰਮ ਹਾਊਸ ਤੋਂ
ਸ਼ਰਾਬ ਦੀਆਂ 108 ਬੋਤਲਾਂ , 5.7 ਲੱਖ ਦੀ ਨਕਦੀ ,17 ਜ਼ਿੰਦਾ ਕਾਰਤੂਸ
ਦਲਾਲ ਦੇ ਘਰੋਂ 21 ਲੱਖ ਦੀ ਨਕਦੀ ਬਰਾਮਦ
- PTC NEWS