Barnala News : ਸ਼ਹਿਣਾ 'ਚ ਇੱਕ ਹੋਰ ਕਤਲ ਦੀ ਵਾਰਦਾਤ, ਲੋਕਾਂ 'ਚ ਦਹਿਸ਼ਤ, ਤਿੰਨ ਬੱਚਿਆਂ ਦਾ ਪਿਤਾ ਸੀ ਮੱਘਰ ਸਿੰਘ
Barnala News : ਵਿਧਾਨ ਸਭਾ ਹਲਕਾ ਭਦੌੜ ਵਿੱਚ ਕਾਨੂੰਨ ਵਿਵਸਥਾ ਲੜਖੜਾਉਂਦੀ ਵਿਖਾਈ ਦੇ ਰਹੀ ਹੈ। ਹਲਕੇ ਦੇ ਪਿੰਡ ਸ਼ਹਿਣਾ ਵਿੱਚ ਇੱਕ ਹੋਰ ਕਤਲ ਦੀ ਵਾਰਦਾਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇੱਕ ਗਰੀਬ ਪਰਿਵਾਰ ਦੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ, ਜਿਸ ਦੀ ਪਛਾਣ ਮੱਘਰ ਸਿੰਘ ਵੱਜੋਂ ਹੋਈ ਹੈ।
ਦੱਸ ਦਈਏ ਕਿ ਅਜੇ 15 ਦਿਨ ਪਹਿਲਾਂ ਹੀ ਪਿੰਡ ਸਹਿਣਾ 'ਚ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਗੋਲੀਬਾਰੀ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਇਹ ਦੂਜੀ ਕਤਲ ਦੀ ਘਟਨਾ ਵਾਪਰੀ ਹੈ, ਜਿਸ ਕਾਰਨ ਪਿੰਡ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਨੇ ਹੰਝੂਆਂ ਨਾਲ ਦੱਸਿਆ ਕਿ ਮੱਘਰ ਸਿੰਘ ਅਤੇ ਉਸਦੀ ਪਤਨੀ ਆਪਣੀਆਂ ਦੋ ਧੀਆਂ ਅਤੇ ਇੱਕ ਪੁੱਤਰ ਨੂੰ ਘਰ ਵਿੱਚ ਰੋਜ਼ਾਨਾ ਮਜ਼ਦੂਰੀ ਕਰਕੇ ਪਾਲ ਰਹੇ ਸਨ। ਹਾਲਾਂਕਿ, ਕੱਲ੍ਹ ਰਾਤ ਉਹ ਆਪਣੇ ਇੱਕ ਰਿਸ਼ਤੇਦਾਰ ਨਾਲ ਘਰੋਂ ਨਿਕਲਿਆ ਸੀ ਅਤੇ ਵਾਪਸ ਨਹੀਂ ਆਇਆ। ਅੱਜ ਸਵੇਰੇ ਉਨ੍ਹਾਂ ਨੂੰ ਮੱਘਰ ਸਿੰਘ ਦੀ ਲਾਸ਼ ਨਹਿਰ ਦੇ ਕੰਢੇ ਪਈ ਮਿਲੀ।
ਜਦੋਂ ਉਹ ਪਹੁੰਚੇ ਤਾਂ ਉਨ੍ਹਾਂ ਨੂੰ ਮ੍ਰਿਤਕ ਦੇ ਭਰਾ ਅਤੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਹਾਲਤ ਵਿੱਚ ਮਿਲਿਆ। ਮ੍ਰਿਤਕ ਦੀ ਲਾਸ਼ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤੀ ਗਈ ਹੈ। ਪਰਿਵਾਰ ਇਸ ਕਤਲ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਸ਼ਹਿਣਾ ਥਾਣੇ ਦੇ ਐਸਐਚਓ ਗੁਰਮਿੰਦਰ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਾਂਚ ਚੱਲ ਰਹੀ ਹੈ।
- PTC NEWS