SGPC ਪ੍ਰਧਾਨ ਐਡਵੋਕੇਟ ਧਾਮੀ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚ ਕੇ ਪੀੜਤਾਂ ਦਾ ਜਾਣਿਆ ਦੁੱਖ, ਵੰਡੀ ਰਾਹਤ ਸਮੱਗਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਗਏ ਜਿਥੇ ਉਨ੍ਹਾਂ ਨੇ ਪੀੜਤ ਲੋਕਾਂ ਦਾ ਦੁੱਖ ਜਾਣਿਆ ਅਤੇ ਪਿੰਡਾਂ ਵਿਚ ਪਹੁੰਚ ਕੇ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਵੰਡੀ। ਉਹ ਖੁਦ ਕਿਸ਼ਤੀ ਰਾਹੀਂ ਹੜ੍ਹ ਦੇ ਪਾਣੀ ਵਿੱਚ ਡੁੱਬੇ ਘਰਾਂ ਵਿੱਚ ਗਏ ਅਤੇ ਲੋਕਾਂ ਦੀ ਪੀੜਾਂ ਦਾ ਅਹਿਸਾਸ ਕੀਤਾ।
ਇਸ ਮੌਕੇ ਚੁਫੇਰਿਓਂ ਕਈ ਕਈ ਫੁੱਟ ਪਾਣੀ ਵਿੱਚ ਘਿਰੇ ਪਰ ਬੁਲੰਦ ਹੌਸਲਾ ਰੱਖੀ ਬੈਠੇ ਲੋਕਾਂ ਨੇ ਸਰਕਾਰਾਂ ਦੀਆਂ ਨੀਤੀਆਂ ਤੇ ਸਵਾਲ ਚੁੱਕਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦੱਸਿਆ ਕਿ ਅਸੀਂ ਤਾਂ ਸਾਲਾਂ ਤੋਂ ਇਨ੍ਹਾਂ ਮੁਸੀਬਤਾਂ ਵਿਚੋਂ ਲੰਘ ਰਹੇ ਹਾਂ, ਪਰ ਕੋਈ ਹੱਲ ਨਹੀਂ ਨਿਕਲਿਆ। ਪੀੜਤ ਲੋਕਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸਮੇਂ ਸਿਰ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਹੀਂ ਕੀਤੇ ਅਤੇ ਦਰਿਆਵਾਂ ਵਿਚ ਇਕਦਮ ਡੈਮਾਂ ਦਾ ਪਾਣੀ ਛੱਡ ਕੇ ਵੱਡੀ ਮੁਸੀਬਤ ਖੜ੍ਹੀ ਕੀਤੀ ਹੈ। ਪੀੜਤਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਸਾਰ ਲੈਣ ਪੁੱਜਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਵੱਡਾ ਧਰਵਾਸ ਮਿਲਿਆ ਹੈ।
ਹੜ੍ਹਾਂ ਵਿਚ ਘਿਰੇ ਪੀੜਤ ਲੋਕਾਂ ਨੂੰ ਮਿਲ ਕੇ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਦੁੱਖ ਵੱਡਾ ਹੈ, ਪਰ ਇਹ ਹਿੰਮਤੀ ਲੋਕ ਹਨ ਜੋ ਸੰਕਟ ਸਮੇਂ ਵੀ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੀੜਤਾਂ ਦੀ ਮਦਦ ਲਈ ਆਪਣੀ ਜਿੰਮੇਵਾਰੀ ਨਿਭਾ ਰਹੀ ਹੈ ਅਤੇ ਹਲਾਤ ਠੀਕ ਹੋਣ ਤੱਕ ਰਾਹਤ ਕਾਰਜ਼ ਜਾਰੀ ਰਹਿਣਗੇ।
ਇਹ ਵੀ ਪੜ੍ਹੋ : Punjab Flood Live Updates : ਬਿਆਸ ਦਰਿਆ ’ਚ ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ; ਪੰਜਾਬ ਦੇ ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ
- PTC NEWS