Sangrur News : ਸਕੂਲੀ ਵਿਦਿਆਰਥਣ ਨੂੰ ਭੇਜੇ ਗਲਤ ਮੈਸੇਜ, ਮਾਸਟਰ ਨੂੰ ਚਾੜ੍ਹਿਆ ਕੁਟਾਪਾ, ਜਾਣੋ ਪੂਰਾ ਮਾਮਲਾ
Crime Against Children : ਸੰਗਰੂਰ (Sangrur News) ਜ਼ਿਲ੍ਹੇ 'ਚ ਇੱਕ ਸਕੂਲ 'ਚ ਉਦੋਂ ਹੰਗਾਮਾ ਹੋ ਗਿਆ, ਜਦੋਂ ਇੱਕ ਮਾਸਟਰ ਵੱਲੋਂ ਇੱਕ ਸਕੂਲ ਦੀ ਵਿਦਿਆਰਥਣ ਨੂੰ ਗਲਤ ਮੈਸੇਜ ਭੇਜੇ ਗਏ। ਇਸ ਸਬੰਧੀ ਜਦੋਂ ਮਾਪਿਆਂ ਨੂੰ ਪਤਾ ਲੱਗਿਆ ਤਾਂ ਮਾਪਿਆਂ ਨੇ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਸਕੂਲ ਵਿੱਚ ਜਾ ਕੇ ਮਾਸਟਰ ਦਾ ਖੂਬ ਕੁਟਾਪਾ ਚਾੜ੍ਹਿਆ। ਮਾਸਟਰ ਦੀ ਪਛਾਣ ਸੁਧੀਰ ਵੱਜੋਂ ਹੋਈ ਸੀ।
ਸਕੂਲੀ ਵਿਦਿਆਰਥਣ ਨੂੰ ਗਲਤ ਮੈਸੇਜ ਭੇਜਣ ਦੇ ਇਲਜ਼ਾਮ
ਮਾਮਲਾ ਸੰਗਰੂਰ ਦੇ ਦਿੜ੍ਹਬਾ ਦਾ ਹੈ। ਮਾਪਿਆਂ ਨੇ ਦੱਸਿਆ ਕਿ ਸਕੂਲ ਮਾਸਟਰ ਨੇ ਉਨ੍ਹਾਂ ਦੀ 14 ਸਾਲਾਂ ਬੱਚੀ ਨੂੰ ਫੋਨ 'ਤੇ ਗ਼ਲਤ ਮੈਸੇਜ ਭੇਜੇ ਸਨ। ਮਾਪਿਆਂ ਨੇ ਕਿਹਾ ਕਿ ਉਹ ਇਸ ਗੱਲੋਂ ਬਹੁਤ ਪ੍ਰੇਸ਼ਾਨ ਸਨ, ਜਿਸ 'ਤੇ ਉਨ੍ਹਾਂ ਨੇ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਸੰਪਰਕ ਕੀਤਾ। ਮਾਪਿਆਂ ਨੇ ਬੱਚੀ ਦੀ ਵੀ ਆਗੂਆਂ ਨਾਲ ਗੱਲ ਕਰਵਾਈ, ਜਿਸ ਪਿੱਛੋਂ ਸਿੱਖ ਆਗੂ ਅੰਮ੍ਰਿਤਪਾਲ ਮਹਿਰੋਂ ਨੇ ਹੋਰ ਆਗੂਆਂ ਨਾਲ ਇਹ ਕਾਰਵਾਈ ਕੀਤੀ।
ਸਿੱਖ ਜਥੇਬੰਦੀਆਂ ਨੇ ਸਕੂਲ 'ਚ ਵੜ੍ਹ ਕੇ ਕੀਤਾ ਮਾਸਟਰ ਦੀ ਕੁੱਟਮਾਰ
ਜਦੋਂ ਹੀ ਇਹ ਮਾਮਲਾ ਸਿੱਖ ਜਥੇਬੰਦੀਆਂ ਦੇ ਸਾਹਮਣੇ ਆਇਆ ਤਾਂ ਆਗੂਆਂ ਨੇ ਉਕਤ ਸਕੂਲ ਦੇ ਅੰਦਰ ਦਾਖਲ ਹੋ ਕੇ ਉਕਤ ਮਾਸਟਰ ਦੀ ਕੁੱਟਮਾਰ ਵੀ ਕੀਤੀ, ਜਿੱਥੇ ਮਾਮਲਾ ਗਰਮਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਕੋਲ ਇਹ ਮਾਮਲਾ ਪਹੁੰਚਿਆ। ਬੱਚੀ ਦੇ ਮਾਪਿਆਂ ਦੇ ਵੱਲੋਂ ਉਕਤ ਅਧਿਆਪਕ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ।
ਪੁਲਿਸ ਨੇ ਦਰਜ ਕੀਤਾ ਮਾਮਲਾ
ਉਧਰ, ਡੀਐਸਪੀ ਦਿੜ੍ਹਬਾ ਰੁਪਿੰਦਰ ਕੌਰ ਬਾਜਵਾ ਦਾ ਕਹਿਣਾ ਹੈ ਕਿ ਉਕਤ ਅਧਿਆਪਕ ਖਿਲਾਫ ਸਖਤ ਪੋਸਕੋ ਵਰਗੀਆਂ ਸਖ਼ਤ ਧਰਾਵਾਂ ਲਾ ਕੇ ਮਾਮਲਾ ਦਰਜ ਕਰ ਲਿਆ ਹੈ, ਜਦਕਿ ਉਧਰ ਮਾਸਟਰ ਦੇ ਬਿਆਨਾਂ ਦੇ ਉੱਪਰ ਵਰਮਾ ਸਿੰਘ ਨਾਮੀ, ਜੋ ਕਿ ਗ੍ਰੰਥੀ ਸਭਾ ਦਾ ਆਗੂ ਹੈ, ਦੇ ਖਿਲਾਫ ਵੀ ਕੁਟਮਾਰ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਹੁਣ ਜਥੇਬੰਦੀਆਂ ਦੇ ਆਗੂ ਇਕੱਠੇ ਹੋ ਕੇ ਡੀਐਸਪੀ ਦਿੜ੍ਹਬਾ ਨੂੰ ਮਿਲੇ ਅਤੇ ਵਰਮਾ ਸਿੰਘ ਖਿਲਾਫ ਕੀਤਾ ਮਾਮਲਾ ਦਰਜ ਰੱਦ ਕਰਨ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸੱਤ ਦਿਨਾਂ ਅੰਦਰ ਸੁਣਵਾਈ ਨਾਂ ਹੋਈ ਤਾਂ ਦਿੜ੍ਹਬਾ ਅੰਦਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।
- PTC NEWS