Ayodhya Ram Mandir ਕੰਪਲੈਕਸ 'ਚ ਕਸ਼ਮੀਰੀ ਨੌਜਵਾਨ ਵੱਲੋਂ ਨਮਾਜ਼ ਪੜ੍ਹਨ ਦੀ ਕੋਸ਼ਿਸ਼, ਸੁਰੱਖਿਆ ਮੁਲਾਜ਼ਮਾਂ ਨੇ ਫੜਿਆ
Ayodhya Security : ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਸਥਿਤ ਰਾਮ ਮੰਦਰ ਕੰਪਲੈਕਸ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਾਮ ਨਗਰੀ 'ਚ ਸ਼ਨੀਵਾਰ ਦੁਪਹਿਰ ਨੂੰ ਰਾਮ ਮੰਦਰ ਕੰਪਲੈਕਸ 'ਚ ਇਕ ਕਸ਼ਮੀਰੀ ਨਾਗਰਿਕ ਵੱਲੋਂ ਨਮਾਜ਼ ਪੜ੍ਹਨ ਦੀ ਕੋਸ਼ਿਸ਼ ਕੀਤੀ ਗਈ। ਇਕ ਕਸ਼ਮੀਰੀ ਨਾਗਰਿਕ ਨੂੰ ਨਮਾਜ਼ ਪੜ੍ਹਨ ਦੀ ਕੋਸ਼ਿਸ਼ ਕਰਦੇ ਦੇਖ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ। ਆਰੋਪੀ ਤੋਂ ਕੁਝ ਸੁੱਕੇ ਮੇਵੇ ਅਤੇ 2,700 ਰੁਪਏ ਬਰਾਮਦ ਕੀਤੇ ਗਏ ਹਨ। ਉਸ ਕੋਲੋਂ ਕਈ ਫੋਨ ਨੰਬਰਾਂ ਵਾਲੀ ਇੱਕ ਡਾਇਰੀ ਮਿਲੀ ਹੈ।
ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਮੰਦਰ ਦੇ ਗੇਟ D1 ਰਾਹੀਂ ਦਾਖਲ ਹੋਇਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਹ ਵਿਅਕਤੀ ਦੱਖਣੀ ਪਰਕੋਟੇ ਖੇਤਰ 'ਚ ਸੀਤਾ ਰਸੋਈ ਦੇ ਕੋਲ ਨਮਾਜ਼ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਮੌਕੇ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਕਥਿਤ ਤੌਰ 'ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਸੁਰੱਖਿਆ ਏਜੰਸੀਆਂ ਆਰੋਪੀ ਤੋਂ ਪੁੱਛਗਿੱਛ ਕਰ ਰਹੀਆਂ ਹਨ।
ਫੜੇ ਗਏ ਨੌਜਵਾਨ ਦੀ ਪਛਾਣ ਅਬੂ ਅਹਿਮਦ ਸ਼ੇਖ ਵਜੋਂ ਹੋਈ ਹੈ, ਜੋ ਜੰਮੂ-ਕਸ਼ਮੀਰ ਦੇ ਸ਼ੋਪੀਆਂ ਦਾ ਰਹਿਣ ਵਾਲਾ ਹੈ। ਗ੍ਰਿਫਤਾਰੀ ਸਮੇਂ ਉਹ ਕਸ਼ਮੀਰੀ ਪਹਿਰਾਵੇ 'ਚ ਸੀ। ਫਿਲਹਾਲ ਖੁਫੀਆ ਏਜੰਸੀਆਂ, ਸਥਾਨਕ ਪੁਲਸ ਅਤੇ ਸੀਨੀਅਰ ਅਧਿਕਾਰੀ ਵਿਅਕਤੀ ਤੋਂ ਪੁੱਛ-ਗਿੱਛ ਕਰ ਰਹੇ ਹਨ ਤਾਂ ਜੋ ਉਸਦੇ ਇਰਾਦਿਆਂ ਅਤੇ ਪਿਛੋਕੜ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਆਰੋਪੀ ਦੇ ਆਉਣ ਦੇ ਕਾਰਨ ਅਤੇ ਉਸਦੇ ਇਰਾਦੇ ਅਜੇ ਤੱਕ ਸਾਹਮਣੇ ਨਹੀਂ ਆਏ ਹਨ।
ਮਾਸਾਹਾਰੀ ਭੋਜਨ ਦੀ ਡਿਲਿਵਰੀ 'ਤੇ ਪਾਬੰਦੀ
ਇਸ ਦੌਰਾਨ ਅਯੁੱਧਿਆ ਪ੍ਰਸ਼ਾਸਨ ਨੇ ਰਾਮ ਮੰਦਰ ਦੇ 15 ਕਿਲੋਮੀਟਰ ਦੇ ਘੇਰੇ ਵਿੱਚ ਮਾਸਾਹਾਰੀ ਭੋਜਨ ਦੀ ਡਿਲਿਵਰੀ 'ਤੇ ਪਾਬੰਦੀ ਲਗਾ ਦਿੱਤੀ ਹੈ, ਕਿਉਂਕਿ ਸ਼ਿਕਾਇਤਾਂ ਮਿਲੀਆਂ ਸਨ ਕਿ ਫੂਡ ਡਿਲਿਵਰੀ ਕੰਪਨੀਆਂ ਅਯੁੱਧਿਆ ਸ਼ਹਿਰ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਮਾਸਾਹਾਰੀ ਭੋਜਨ ਸਪਲਾਈ ਕਰ ਰਹੀਆਂ ਹਨ, ਜੋ ਕਿ 'ਪੰਚ ਕੋਸੀ ਪਰਿਕਰਮਾ' ਖੇਤਰ ਦੇ ਅੰਦਰ ਆਉਂਦਾ ਹੈ। ਅਯੁੱਧਿਆ ਸ਼ਹਿਰ ਦੇ ਹੋਟਲਾਂ ਅਤੇ ਹੋਮਸਟੇ ਨੂੰ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਜੋ ਕਥਿਤ ਤੌਰ 'ਤੇ ਆਪਣੇ ਮਹਿਮਾਨਾਂ ਨੂੰ ਮਾਸਾਹਾਰੀ ਭੋਜਨ ਅਤੇ ਸ਼ਰਾਬ ਪਰੋਸ ਰਹੇ ਸਨ। ਅਯੁੱਧਿਆ ਦੇ ਸਹਾਇਕ ਫੂਡ ਕਮਿਸ਼ਨਰ ਮਾਨਿਕ ਚੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਮੌਜੂਦਾ ਪਾਬੰਦੀ ਦੇ ਬਾਵਜੂਦ ਸੈਲਾਨੀਆਂ ਨੂੰ ਮਾਸਾਹਾਰੀ ਭੋਜਨ ਔਨਲਾਈਨ ਆਰਡਰਾਂ ਰਾਹੀਂ ਪਰੋਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਔਨਲਾਈਨ ਮਾਸਾਹਾਰੀ ਡਿਲੀਵਰੀ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
- PTC NEWS