Canada 'ਚ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਈ ਦੁਖਦਾਈ ਘਟਨਾ 'ਤੇ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਵੱਲੋਂ ਚਿੰਤਾ ਦਾ ਪ੍ਰਗਟਾਵਾ
ਕੈਨੇਡਾ ਦੇ ਅਲਬਰਟਾ ਸੂਬੇ ਅਧੀਨ ਆਉਂਦੇ ਐਡਮਿੰਟਨ ਸ਼ਹਿਰ ਵਿਖੇ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਅੰਦਰ ਅਣਪਛਾਤੇ ਵਿਅਕਤੀ ਵੱਲੋਂ ਦਾਖਲ ਹੋ ਕੇ ਸੇਵਾਦਾਰਾਂ 'ਤੇ ਕੀਤੇ ਗਏ ਕਾਇਰਾਨਾ ਹਮਲੇ ਅਤੇ ਮਰਿਆਦਾ ਭੰਗ ਕਰਨ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਡੂੰਘੀ ਚਿੰਤਾ ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਸਿੰਘ ਸਾਹਿਬ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਸ਼ਦੀਦ ਨਿੰਦਾ ਕੀਤੀ।
ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਕੀਤੀ ਨਿੰਦਾ
ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਾਪਤ ਵੇਰਵਿਆਂ ਦਾ ਹਵਾਲਾ ਦਿੰਦਿਆਂ ਸਿੰਘ ਸਾਹਿਬ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤਾਬਿਆ ਵੱਲ ਵਧਣ ਦੀ ਕੁਚੇਸ਼ਟਾ ਕੀਤੀ ਸੀ, ਪਰ ਮੌਕੇ 'ਤੇ ਮੌਜੂਦ ਮੁਸਤੈਦ ਸੰਗਤ ਅਤੇ ਸੇਵਾਦਾਰਾਂ ਨੇ ਅਦੁੱਤੀ ਦਲੇਰੀ ਦਿਖਾਉਂਦਿਆਂ ਉਸ ਨੂੰ ਸਮੇਂ ਸਿਰ ਦਬੋਚ ਲਿਆ, ਜੋ ਕਿ ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਅਤੇ ਰਾਹਤ ਦੀ ਗੱਲ ਹੈ। ਸਿੰਘ ਸਾਹਿਬ ਨੇ ਹਮਲੇ ਦੌਰਾਨ ਜ਼ਖ਼ਮੀ ਹੋਏ ਦੋਵੇਂ ਸੇਵਾਦਾਰ ਸਿੰਘਾਂ ਦੀ ਤੁਰੰਤ ਸਿਹਤਯਾਬੀ, ਅਰੋਗਤਾ ਅਤੇ ਚੜ੍ਹਦੀ ਕਲਾ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ।
ਮਾਮਲੇ ਦੀ ਤਹਿ ਤੱਕ ਜਾਣਾ ਜਰੂਰੀ- ਸਿੰਘ ਸਾਹਿਬ
ਜਥੇਦਾਰ ਗਿਆਨੀ ਟੇਕ ਸਿੰਘ ਜੀ ਨੇ ਆਖਿਆ ਕਿ ਭਾਵੇਂ ਐਡਮਿੰਟਨ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਪਰ ਕੈਨੇਡਾ ਦੀਆਂ ਸਿਰਮੌਰ ਸਿੱਖ ਸੰਸਥਾਵਾਂ ਦੀ ਇਹ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਣ। ਇਸ ਗੱਲ ਦੀ ਤਫ਼ਤੀਸ਼ ਬੇਹੱਦ ਜ਼ਰੂਰੀ ਹੈ ਕਿ ਇਸ ਘਟਨਾ ਪਿੱਛੇ ਕਿਸੇ ਸਿੱਖ-ਵਿਰੋਧੀ ਅਨਸਰ, ਗਰੋਹ ਜਾਂ ਸੰਸਥਾ ਦੀ ਕੋਈ ਗੂੜ੍ਹ ਸਾਜ਼ਿਸ਼ ਤਾਂ ਨਹੀਂ ਸੀ। ਇਸ ਦੇ ਨਾਲ ਹੀ ਬੀਤੇ ਦਿਨੀਂ ਕੈਲਗਰੀ ਦੇ ਗੁਰਦੁਆਰਾ ਸਾਹਿਬਾਨ ਨੂੰ ਮਿਲੀਆਂ ਸੰਗੀਨ ਧਮਕੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕੈਲਗਰੀ ਪੁਲਿਸ ਨੂੰ ਪੱਖਪਾਤ ਤੋਂ ਰਹਿਤ ਹੋ ਕੇ ਨਿਰਪੱਖ ਤੇ ਗੰਭੀਰ ਜਾਂਚ ਕਰਨ ਦੀ ਤਾਕੀਦ ਕੀਤੀ।
'ਪਾਵਨ ਅਸਥਾਨਾਂ ਦੀ ਮਰਿਆਦਾ ਅਤੇ ਸੰਗਤ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ'
ਸਿੰਘ ਸਾਹਿਬ ਨੇ ਸਪੱਸ਼ਟ ਕੀਤਾ ਕਿ ਗੁਰਮਤਿ ਸਿਧਾਂਤਾਂ ਅਨੁਸਾਰ ਗੁਰੂ ਘਰ ਦੇ ਦਰਵਾਜ਼ੇ 'ਸਰਬੱਤ ਦੇ ਭਲੇ' ਦੇ ਸੁਨੇਹੇ ਨਾਲ ਸਮੁੱਚੀ ਲੋਕਾਈ ਲਈ ਸਦਾ ਖੁੱਲ੍ਹੇ ਹਨ। ਪਰ, ਮੌਜੂਦਾ ਸੰਵੇਦਨਸ਼ੀਲ ਸਮੇਂ ਵਿੱਚ ਪਾਵਨ ਅਸਥਾਨਾਂ ਦੀ ਮਰਿਆਦਾ ਅਤੇ ਸੰਗਤ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕਰਨਾ ਪ੍ਰਬੰਧਕਾਂ ਦਾ ਮੁੱਢਲਾ ਧਰਮ ਹੈ। ਉਨ੍ਹਾਂ ਕੈਨੇਡਾ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਸੁਰੱਖਿਆ ਪ੍ਰੋਟੋਕੋਲ ਦੀ ਮੁੜ ਸਮੀਖਿਆ ਕਰਨ ਅਤੇ 24 ਘੰਟੇ ਪਹਿਰੇਦਾਰੀ ਦਾ ਨਿਰੰਤਰ ਪ੍ਰਬੰਧ ਯਕੀਨੀ ਬਣਾਉਣ।
- PTC NEWS