Sat, May 24, 2025
Whatsapp

ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ; ਸ਼ਸਤਰਾਂ ਦੇ ਦਰਸ਼ਨ ਕਰ ਨਿਹਾਲ ਹੋਈਆਂ ਸੰਗਤਾਂ

Reported by:  PTC News Desk  Edited by:  Jasmeet Singh -- June 28th 2023 11:12 AM
ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ;  ਸ਼ਸਤਰਾਂ ਦੇ ਦਰਸ਼ਨ ਕਰ ਨਿਹਾਲ ਹੋਈਆਂ ਸੰਗਤਾਂ

ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ; ਸ਼ਸਤਰਾਂ ਦੇ ਦਰਸ਼ਨ ਕਰ ਨਿਹਾਲ ਹੋਈਆਂ ਸੰਗਤਾਂ

ਸ੍ਰੀ ਅੰਮ੍ਰਿਤਸਰ ਸਾਹਿਬ: ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। 

ਜਾਣੋ 'ਮੀਰੀ ਪੀਰੀ ਦਿਵਸ' ਦਾ ਇਤਿਹਾਸ



ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜੱਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ। ਪਾਵਨ ਹੁਕਮਨਾਮੇ ਮਗਰੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਮੀਰੀ-ਪੀਰੀ ਦਿਹਾੜੇ ਦਾ ਇਤਿਹਾਸ ਸਾਂਝਾ ਕਰਦਿਆਂ ਸੰਗਤ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਕੀਤੀ।


ਉਨ੍ਹਾਂ ਸਿੱਖ ਕੌਮ ਨੂੰ ਮੀਰੀ-ਪੀਰੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਕੌਮ ਅੰਦਰ ਇਹ ਸਿਧਾਂਤ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ, ਜਿਸ ਦਾ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਵੱਡਾ ਮਹੱਤਵ ਹੈ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਵੱਲੋਂ ਸਿੱਖ ਕੌਮ ਨੂੰ ਮੀਰੀ-ਪੀਰੀ ਦੇ ਸਿਧਾਂਤ ਨਾਲ ਜੋੜ ਕੇ ਜੋ ਮਾਰਗ ਦਿਖਾਇਆ ਗਿਆ, ਉਹ ਅਧਿਆਤਮ ਨਾਲ ਜੁੜਨ ਦੇ ਨਾਲ-ਨਾਲ ਮਜਲੂਮਾਂ ਦੀ ਰੱਖਿਆ ਕਰਨ ਵਾਲਾ ਹੈ। 

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੀਰੀ-ਪੀਰੀ ਦੀ ਅਵਾਜ਼ ਸਮੇਂ ਦੀ ਜਾਲਮ ਮੁਗਲ ਹਕੂਮਤ ਦੀ ਜੜ੍ਹਾਂ ਹਲਾਉਣ ਵਾਲੀ ਸਾਬਤ ਹੋਈ। ਇਸ ਨੇ ਸ਼ਕਤੀਸ਼ਾਲੀ ਅਤੇ ਨਿਰਦਈ ਹਕੂਮਤ ਦੇ ਜ਼ੁਲਮਾਂ ਦਾ ਮੁਕਾਬਲਾ ਕੀਤਾ, ਜਿਸ ਨਾਲ ਲੋਕਾਂ ਦੀ ਕਾਇਰਤਾ ਵਾਲੀ ਸੋਚ ਬਦਲੀ ਤੇ ਉਹ ਗੁਲਾਮ ਜੀਵਨ ਵਿੱਚੋਂ ਬਾਹਰ ਆਏ। ਇਹੋ ਕਾਰਨ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਕੂਮਤਾਂ ਵੱਲੋਂ ਸਦਾ ਚੁਣੌਤੀ ਦਿੱਤੀ ਜਾਂਦੀ ਰਹੀ। 

ਉਨ੍ਹਾਂ ਸਿੱਖ ਕੌਮ ਨੂੰ ਗੁਰੂ ਸਾਹਿਬ ਦੇ ਇਸ ਮਾਨਮੱਤੇ ਸਿਧਾਂਤ ਨਾਲ ਜੁੜ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਦੀ ਅਪੀਲ ਕੀਤੀ ਅਤੇ ਆਪਣੀਆਂ ਰਵਾਇਤਾਂ ਤੇ ਪ੍ਰੰਪਰਾਵਾਂ ’ਤੇ ਪਹਿਰਾ ਦੇਣ ਲਈ ਆਖਿਆ।

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਭਾਸ਼ਣ

ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਸ਼ੋਭਿਤ ਗੁਰੂ ਸਾਹਿਬ ਦੀਆਂ ਇਤਿਹਾਸਕ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਦੇ ਸੰਗਤ ਨੂੰ ਦਰਸ਼ਨ ਵੀ ਕਰਵਾਏ ਗਏ। ਇਸ ਮੌਕੇ ਸਿੰਘ ਸਾਹਿਬਾਨ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਤਿਕਾਰ ਦਿੱਤਾ।  ਇਸ ਦਰਮਿਆਨ ਸਮਾਗਮ 'ਚ ਹਾਜ਼ਰੀ ਭਰਨ ਆਈਆਂ ਸੰਗਤਾਂ ਦੇ 'ਬੋਲੇ ਸੋ ਨਿਹਾਲ' ਜੈਕਾਰਿਆਂ ਨਾਲ ਪੂਰਾ ਤਖ਼ਤ ਗੂੰਜ ਉਠਿਆ।

- ਰਿਪੋਰਟਰ ਮਨਿੰਦਰ ਸਿੰਘ ਮੋਂਗਾ ਦੇ ਸਹਿਯੋਗ ਨਾਲ 

ਹੋਰ ਪੜ੍ਹੋ: 

- ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ – 28 ਜੂਨ 2023
- ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼
- ਸਾਕਾ ਨੀਲਾ ਤਾਰਾ ਦੌਰਾਨ ਸਿਰਜੇ ਗਏ ਤਣਾਅ ਦੀ ਪੂਰੀ ਕਹਾਣੀ; ਚਸ਼ਮਦੀਦਾਂ ਤੋਂ ਸੁਣੋ ਉਨ੍ਹਾਂ ਦੀ ਜ਼ੁਬਾਨੀ

- With inputs from our correspondent

Top News view more...

Latest News view more...

PTC NETWORK