Sun, May 19, 2024
Whatsapp

ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼

Written by  Jasmeet Singh -- June 05th 2023 05:00 AM
ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼

ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼

Guru Hargobind Sahib Parkash Purb: ਮੀਰੀ ਪੀਰੀ ਦੇ ਦਾਤਾ, ਭਗਤੀ ਅਤੇ ਸ਼ਕਤੀ ਦੀ ਮੂਰਤ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖ ਗੁਰੂ ਪਰੰਪਰਾ ਦੇ ਛੇਵੇਂ ਗੁਰੂ ਸਨ। ਜਿਨ੍ਹਾਂ ਦਾ ਆਗਮਨ ਸੰਨ 1595 ਈ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਡਾਲੀ ਪਿੰਡ, ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਤੇ ਮਾਤਾ ਗੰਗਾ ਜੀ ਦੇ ਘਰ ਵਿਚ ਹੋਇਆ। ਆਪ ਜੀ ਦਾ ਬਚਪਨ ਬਹੁਤ ਹੀ ਅਸੁਰੱਖਿਅਤ ਅਵਸਥਾ ਦੇ ਵਿਚ ਬੀਤਿਆ। ਆਪ ਜੀ ਦੀ ਧਾਰਮਿਕ ਅਤੇ ਸੈਨਿਕ ਸਿਖਲਾਈ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਦੀ ਨਿਗਰਾਨੀ ਵਿਚ ਹੋਈ। ਇਸ ਸਿਖਲਾਈ ਦੇ ਸਦਕਾ ਆਪ ਇਕ ਪਾਸੇ ਮਹਾਂਵੀਰ ਯੋਧੇ ਦੇ ਰੂਪ ਵਿਚ ਪ੍ਰਗਟ ਹੋਏ ਤੇ ਦੂਜੇ ਪਾਸੇ ਪੂਰਨ ਸੰਤ ਤੇ ਬ੍ਰਹਮਗਿਆਨੀ ਦੇ ਰੂਪ ਵਿਚ।

ਇਸ ਸਮੇਂ ਦੌਰਾਨ ਮੁਗਲ ਸਲਤਨਤ ਦਾ ਰਵੱਈਆ ਗੁਰੂ ਘਰ ਪ੍ਰਤੀ ਚੰਗਾ ਨਹੀਂ ਸੀ। ਜਿਸ ਸਦਕਾ ਜਹਾਂਗੀਰ ਦੇ ਹੁਕਮ ਮੁਤਾਬਿਕ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਦੇ ਵਿਚ ਗ੍ਰਿਫਤਾਰ ਕਰਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਉਮਰ 11 ਸਾਲ ਦੀ ਸੀ ਜਦ ਗੁਰੂ ਅਰਜਨ ਸਾਹਿਬ ਜੀ ਦੇ ਬੋਲਾਂ ਮੁਤਾਬਿਕ ਉਨ੍ਹਾਂ ਨੂੰ ਗੁਰਤਾ ਗੱਦੀ ਬਖਸ਼ ਕੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਦੇ ਰੂਪ ਵਿਚ ਪ੍ਰਗਟ ਕੀਤਾ ਗਿਆ।


ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਇਹ ਤਾਂ ਜ਼ਾਹਿਰ ਹੋ ਚੁੱਕਾ ਸੀ ਕਿ ਜ਼ਬਰ-ਜ਼ੁਲਮ ਦੇ ਖਾਤਮੇ ਦੇ ਲਈ ਸ਼ਾਂਤਮਈ ਸੰਘਰਸ਼ ਦਾ ਕੋਈ ਪ੍ਰਭਾਵ ਨਹੀਂ ਸੀ ਪੈਣਾ। ਇਸ ਲਈ ਢਹਿੰਦੀ ਕਲਾ ਦੇ ਵਿਚ ਜਾਣ ਦੀ ਬਜਾਇ ਉਨ੍ਹਾਂ ਸਮੇਂ ਦੀ ਨਜ਼ਾਕਤ ਨੂੰ ਬੜੀ ਹੀ ਗੰਭੀਰਤਾ ਦੇ ਨਾਲ ਸਮਝਿਆ ਅਤੇ ਮੁਗਲ ਸਲਤਨਤ ਦੇ ਜ਼ੁਲਮਾਂ ਅਤੇ ਅਤਿਆਚਾਰਾਂ ਨੂੰ ਠੱਲ ਪਾਉਣ ਦੇ ਲਈ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਮੁਤਾਬਿਕ ਭਗਤੀ ਅਤੇ ਸ਼ਕਤੀ ਦਾ ਰਾਹ ਅਖਤਿਆਰ ਕਰਨ ਦਾ ਫੈਸਲਾ ਕੀਤਾ। ਇਹ ਰਾਹ ਭਾਵੇਂ ਖੰਨਿਅਹੁ ਤਿਖੀ ਵਾਲਹੁ ਨਿਕੀ ਵਾਲਾ ਸੀ ਪਰ ਪਿਛੇ ਮੁੜਨਾ ਵੀ ਕਾਇਰਤਾ ਦੇ ਵੱਲ ਵੱਧਦਾ ਕਦਮ ਸੀ। ਇਸ ਲਈ ਅਣਖ ਦਾ ਜੀਵਨ ਜਿਉਣ ਦੇ ਲਈ ਹੱਥ ਦੇ ਵਿਚ ਤਲਵਾਰ ਫੜੇ ਬਗੈਰ ਕੋਈ ਹੱਲ ਨਹੀਂ ਸੀ। ਗੁਰਤਾਗੱਦੀ ਤੇ ਬਿਰਾਜਮਾਨ ਹੁੰਦਿਆਂ ਹੀ ਸਿੱਖਾਂ ਦੇ ਲਈ ਸੈਨਿਕ ਸਿੱਖਿਆ (ਘੋੜ ਸਵਾਰੀ, ਸ਼ਸਤਰ ਚਲਾਉਣੇ) ਦਾ ਯੋਗ ਪ੍ਰਬੰਧ ਕੀਤਾ ਗਿਆ। ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਆਉਣ ਲੱਗੇ ਭੇਟਾ ਲੈ ਕੇ ਆਉਂਦੀਆਂ ਸਨ, ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਭੇਟਾ ਵਜੋਂ ਕੀਮਤੀ ਘੋੜੇ ਅਤੇ ਕੀਮਤੀ ਸਸ਼ਤਰ ਭੇਟਾ ਕਰਨ ਦੀ ਤਾਕੀਦ ਕੀਤੀ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਜੀ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਸਾਰੀ ਕਰਵਾਈ। ਨੀਂਹ ਗੁਰੂ ਸਾਹਿਬ ਜੀ ਨੇ ਆਪ ਰੱਖੀ ਅਤੇ ਉਸਾਰੀ ਦਾ ਸਾਰਾ ਕੰਮ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਦੇਖ ਰੇਖ ਵਿਚ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਅਕਾਲ-ਪੁਰਖੀ ਰਾਜ ਦਾ ਸੰਕਲਪ ਪੇਸ਼ ਕਰਦਾ ਹੈ। ਜਿਸਦਾ ਅਧਾਰ ਦੈਵੀ ਤੇ ਨੈਤਿਕ ਗੁਣ ਹਨ ਜੋ ਇਕ ਪਾਸੇ ਸੱਚ, ਇਨਸਾਫ ਅਤੇ ਮਨੁੱਖੀ ਬਰਾਬਰੀ ਦਾ ਸੰਦੇਸ਼ ਦਿੰਦਾ ਹੈ ਤੇ ਦੂਜੇ ਪਾਸੇ ਅਤਿਆਚਾਰੀ ਸ਼ਕਤੀਆਂ ਦੇ ਟਾਕਰੇ ਅਤੇ ਵਿਨਾਸ਼ ਵੱਲ ਵੀ ਸੰਕੇਤ ਕਰਦਾ ਹੈ। ਅਕਾਲ ਤਖਤ ਦੇ ਅੱਗੇ ਮੀਰੀ ਅਤੇ ਪੀਰੀ ਭਾਵ ‘ਰਾਜਨੀਤੀ’ ਅਤੇ ‘ਧਰਮ’ ਦੇ ਦੋ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਗਏ। ਗੁਰੂ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ‘ਸੰਤ’ ਸਰੂਪ ਸਿੱਖਾਂ ਨੂੰ ‘ਸੰਤ ਸਿਪਾਹੀ’ ਬਣ ਕੇ ਤਲਵਾਰ ਫੜਨ ਦਾ ਹੋਂਸਲਾ ਦਿੱਤਾ। ਜਿਸ ਦੇ ਸਦਕਾ ਗੁਰੂ ਸਾਹਿਬ ਜੀ ਵੱਲੋਂ ਸਿੱਖ ਪੰਥ ਦੀ ਨਿਵੇਕਲੀ ਪਹਿਚਾਣ ਸਥਾਪਿਤ ਕੀਤੀ। ਗੁਰੂ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ’ਤੇ ਬੈਠ ਕੇ ਲੋਕਾਂ ਦੇ ਫੈਸਲੇ ਕਰਦੇ। ਅਕਾਲ ਤਖਤ ’ਤੇ ਹੀ ਢਾਡੀ ਯੋਧਿਆਂ ਦੀਆਂ ਬੀਰ ਰਸੀ ਵਾਰਾਂ ਗਾ ਕੇ ਸੰਗਤ ਦੇ ਵਿਚ ਬੀਰ ਰਸ ਪੈਦਾ ਕਰਦੇ।

ਗੁਰੂ ਘਰ ਦੇ ਵਿਚ ਹੋਈ ਇੰਨੀ ਵੱਡੀ ਤਬਦੀਲੀ ਮੁਗਲ ਸਲਤਨਤ ਦੇ ਲਈ ਵੰਗਾਰ ਸੀ। ਜਹਾਂਗੀਰ ਨੂੰ ਸਿੱਖਾਂ ਦੀ ਵੱਧਦੀ ਤਾਕਤ ਆਪਣੀ ਬਾਦਸ਼ਾਹੀ ਦੇ ਵਾਸਤੇ ਭਾਰੀ ਖਤਰੇ ਵਾਲੀ ਜਾਪੀ ਤੇ ਉਸ ਨੇ ਹੁਕਮ ਜਾਰੀ ਕੀਤਾ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਜਾਵੇ ਤੇ ਹੋਇਆ ਵੀ ਇਸੇ ਤਰ੍ਹਾਂ। ਗੁਰੂ ਜੀ ਨੇ ਕਿਲ੍ਹੇ ਦੇ ਵਿਚ ਪੁੱਜ ਕੇ ਉਥੇ ਪਹਿਲਾਂ ਕੈਦ ਕੀਤੇ ਹੋਏ ਹਿੰਦੂ ਰਾਜਿਆਂ ਨੂੰ ਆਪਣੀ ਗੱਲਵਕੜੀ ਦੇ ਵਿਚ ਲਿਆ ਅਤੇ ਹੌਂਸਲਾ ਦਿੱਤਾ। ਸਾਰਿਆਂ ਦੇ ਉੱਪਰ ਗੁਰੂ ਸਾਹਿਬ ਜੀ ਦਾ ਅਨੋਖਾ ਪ੍ਰਭਾਵ ਕਾਇਮ ਹੋ ਗਿਆ। ਜੋ ਸੰਗਤਾਂ ਰੋਜ਼ਾਨਾ ਅੰਮ੍ਰਿਤਸਰ ਦੀ ਧਰਤੀ ’ਤੇ ਗੁਰੂ ਸਾਹਿਬ ਜੀ ਦੇ ਦੀਦਾਰ ਕਰਦੀਆਂ ਸਨ, ਅੱਜ ਜੱਥਿਆਂ ਦੇ ਰੂਪ ਵਿਚ ਗਵਾਲੀਅਰ ਪਹੁੰਚਣ ਲੱਗੀਆਂ। ਪਰ ਕਿਸੇ ਨੂੰ ਵੀ ਮਿਲਣ ਦੀ ਆਗਿਆ ਨਾ ਦਿੱਤੀ ਗਈ। ਸਤਿਗੁਰਾਂ ਨੂੰ ਹੋਈ ਕੈਦ ਦੇ ਵਿਰੁੱਧ ਸਿੱਖਾਂ ਅਤੇ ਗੁਰੂ ਘਰ ਦੇ ਪ੍ਰੇਮੀਆਂ ਤੋਂ ਇਲਾਵਾ ਕਈ ਨੇਕ ਦਿਲ ਮੁਸਲਮਾਨਾਂ ਨੇ ਆਵਾਜ਼ ਉਠਾਈ ਜਿਸਦਾ ਨਤੀਜਾ ਇਹ ਹੋਇਆ ਕਿ ਗੁਰੂ ਸਾਹਿਬ ਜੀ ਨੂੰ ਜਲਦੀ ਰਿਹਾਅ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਪਰ ਗੁਰੂ ਸਾਹਿਬ ਜੀ ਨੇ ਆਪਣੀ ਰਿਹਾਈ ਵੀ ਇਨ੍ਹਾਂ ਰਾਜਿਆਂ ਦੇ ਨਾਲ ਹੀ ਲੈਣ ਦਾ ਫੈਸਲਾ ਕੀਤਾ। ਆਖਿਰ ਗੁਰੂ ਸਾਹਿਬ ਜੀ ਦੇ ਨਾਲ ਹੀ 52 ਕੈਦ ਕੀਤੇ ਰਾਜਿਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ। ਇਸ ਮਹਾਨ ਕਾਰਜ ਦੇ ਸਦਕਾ ਗੁਰੂ ਸਾਹਿਬ ਜੀ ਨੂੰ ‘ਬੰਦੀ ਛੋੜ’ ਦਾਤਾ ਕਿਹਾ ਜਾਣ ਲੱਗਾ। ਇਸ ਉਪਰੰਤ ਗੁਰੂ ਸਾਹਿਬ ਜੀ ਨੇ ਮੁਗਲ ਹਕੂਮਤ ਦੇ ਜ਼ੁਲਮਾਂ ਅਤਿਆਚਾਰਾਂ ਖਿਲਾਫ ਕਾਫੀ ਜੰਗਾਂ ਦੇ ਵਿਚ ਹਿੱਸਾ ਲਿਆ ਤੇ ਜਿੱਤ ਪ੍ਰਾਪਤ ਕੀਤੀ ਅਤੇ ਸਿੱਖ ਪੰਥ ਦੀ ਵਾਗਡੋਰ ਬੜੇ ਸੁੱਚਜੇ ਢੰਗ ਨਾਲ ਸੰਭਾਲੀ।

- PTC NEWS

Top News view more...

Latest News view more...

LIVE CHANNELS
LIVE CHANNELS