Sri Guru Granth Sahib Ji first Prakash Purab : “ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ”
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥
ਚਵਰ, ਛਤਰ, ਤਖ਼ਤ ਦੇ ਮਾਲਕ ਸਰਬ ਕਲਾ ਸੰਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਦੇ ਕਲਿਆਣ ਅਤੇ ਮਨੁੱਖ ਦੀ ਚਿੰਤਾ ਤੇ ਦੁੱਖ ਦੂਰ ਕਰਨ ਵਾਲੇ ਪਾਵਨ ਗ੍ਰੰਥ ਹਨ। ਇਸ ਮਹਾਨ ਮੁਕੱਦਸ ਗ੍ਰੰਥ ਦੀ ਵਡਿਆਈ ਇਸ ਵਿੱਚ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ ਸਾਂਝੇ ਤੇ ਕਲਿਆਣਕਾਰੀ ਉਪਦੇਸ਼ਾਂ ਤੋਂ ਸਰਬਤ ਦੇ ਭਲੇ ਦਾ ਪੈਗਾਮ ਸਮੁੱਚੀ ਮਾਨਵਤਾ ਨੂੰ ਨਸੀਬ ਹੁੰਦਾ ਹੈ। ਦੁਨੀਆਂ ਦੇ ਵੱਖ-ਵੱਖ ਧਰਮਾਂ ਦੇ ਹੋਰ ਵੀ ਪਾਵਨ ਗ੍ਰੰਥ ਮਿਲਦੇ ਹਨ, ਸਭ ਮੁਬਾਰਕ ਹਨ ਪਰੰਤੂ ਸਮੂਹ ਧਰਮਾਂ ਦੇ ਇਤਿਹਾਸ ਵਿੱਚੋਂ ਸ੍ਰੀ ਗੂਰੂ ਗ੍ਰੰਥ ਸਾਹਿਬ ਇੱਕ ਅਜਿਹਾ ਪਾਵਨ ਗ੍ਰੰਥ ਹੈ, ਜਿਸ ਦਾ ਰੋਜ਼ਾਨਾ ਪ੍ਰਕਾਸ਼ ਤੇ ਸੁਖ-ਆਸਣ ਬੜੇ ਅਦਬ ਤੇ ਸਤਿਕਾਰ ਨਾਲ ਕੀਤਾ ਜਾਂਦਾ ਹੈ। ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਆਪਣੇ ਜੀਵਨ ਦੇ ਕਲਿਆਣ ਲਈ ਅਰਦਾਸਾਂ ਬੇਨਤੀਆਂ ਕਰਦੀ ਹੈ।
ਗੁਰੂ ਗੁਰੂ ਜਪਿ ਮੀਤ ਹਮਾਰੇ॥
ਮੁਖ ਊਜਲ ਹੋਵਹਿ ਦਰਬਾਰੇ॥੧॥ਰਹਾਉ॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਦਾ ਜਗਮਗ ਕਰਦਾ ਅਜਿਹਾ ਸੂਰਜ ਹੈ, ਜਿਸ ਨਾਲ ਮਨ ਦੇ ਹਨੇਰੇ ਦੂਰ ਹੋ ਜਾਂਦੇ ਹਨ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਅਰੰਭ ਨਿਰੰਕਾਰ ਦੁਆਰਾ ਗੁਰੂ ਨਾਨਕ ਸਾਹਿਬ ਤੇ ਦੂਜੇ ਗੁਰੂ ਸਾਹਿਬਾਨਾਂ ਦੀ ਪਰਾ ਵਿੱਚ ਹੋਏ ਦੈਵੀ ਆਵੇਸ਼ ਨਾਲ ਹੁੰਦਾ ਹੈ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਵਲੋਂ ਭਗਤਾਂ, ਭੱਟਾਂ ਅਤੇ ਹੋਰ ਬਾਣੀਕਾਰਾਂ ਦੇ ਬਚਨਾਂ ਨੂੰ ਜੋ ਪ੍ਰਭੂ ਦੀ ਯਾਦ ਦਿਵਾਉਂਦੇ ਹਨ, ਇਸ ਗ੍ਰੰਥ ਦੇ ਵਿੱਚ ਦਰਜ ਕੀਤਾ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਬਚਨਾਂ ਨੂੰ ਪੋਥੀ ਰੂਪ ਵਿੱਚ ਲਿਖਿਆ। ਜਿਸ ਵਕਤ ਗੁਰੂ ਅੰਗਦ ਦੇਵ ਜੀ ਗੁਰਿਆਈ ’ਤੇ ਬਿਰਾਜਮਾਨ ਸਨ, ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਇਸ ਪੋਥੀ ਨੂੰ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤਾ। ਆਤਮ ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਵਾਉਣ ਵਾਲੇ ਇਹਨਾਂ ਅੰਮ੍ਰਿਤ ਬਚਨਾਂ ਦਾ ਪਰਵਾਹ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੱਕ ਨਿਰੰਤਰ ਚਲਦਾ ਰਿਹਾ।
ਸ਼ਾਂਤੀ ਦੇ ਪੁੰਜ ਤੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਦਾ ਦੁੱਖ ਹਰਣ ਦੇ ਲਈ ਭਗਤਾਂ, ਭੱਟਾਂ ਤੇ ਗੁਰੂ ਘਰ ਵਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ‘ਆਦਿ ਗ੍ਰੰਥ’ ਤਿਆਰ ਕਰਵਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ਼ ਗੁਰੂ ਸਾਹਿਬਾਨਾਂ ਦੀ ਬਾਣੀ ਹੀ ਨਹੀਂ ਦਰਜ ਸਗੋਂ ਜਾਤ-ਪਾਤ ਦਾ ਵਿਤਕਰਾ ਖ਼ਤਮ ਕਰਦਿਆਂ 16ਵੀਂ ਸਦੀ ਦੇ ਸੰਗੀਤ ਰਾਹੀਂ ਗੁਰੂ ਦੀ ਉਸਤਤ ਗਾਉਣ ਵਾਲੇ 11 ਭੱਟਾਂ ਦੀ ਬਾਣੀ ਨੂੰ ਵੀ ਸਵਈਆਂ ਦੇ ਰੂਪ ’ਚ ਦਰਜ ਕਰਵਾਇਆ ਗਿਆ।
1430 ਅੰਕ ਵਾਲੇ ਇਸ ਮਹਾਨ ਗ੍ਰੰਥ ਵਿੱਚ ਅੰਕ 1 ਤੋਂ ਲੈ ਕੇ 13 ਤੱਕ ਰਾਗ-ਮੁਕਤ ਨਿੱਤਨੇਮ ਦੀਆਂ ਬਾਣੀਆਂ ਅੰਕਿਤ ਹਨ। ਅੰਕ 14 ਤੋਂ ਲੈ ਕੇ 1353 ਤੱਕ ਰਾਗ-ਬੱਧ ਬਾਣੀ ਅੰਕਿਤ ਹੈ। ਅੰਕ 1353 ਤੋਂ 1430 ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ ਜੀ, ਬਾਬਾ ਸ਼ੇਖ ਫਰੀਦ ਤੇ ਭੱਟ ਸਾਹਿਬਾਨ ਵਲੋਂ ਉਚਾਰੇ ਸਲੋਕ, ਸਵੱਯੇ, ਰਾਗ ਮਾਲਾ ਦਰਜ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸੰਪੂਰਨ ਬਾਣੀ ਨੂੰ 31 ਮੁੱਖ ਰਾਗਾਂ ਦੀ ਲੜੀ ਦੇ ਵਿੱਚ ਪਰੋਇਆ ਗਿਆ ਹੈ, ਜਿਸ ਦੀ ਸ਼ੁਰੂਆਤ ਰਾਗਾਂ ਦੇ ਵਿੱਚੋਂ ਉੱਤਮ ਮੰਨੇ ਜਾਣ ਵਾਲੇ ਸ੍ਰੀ ਰਾਗ ਅਤੇ ਅੰਤ ਜੈਜਾਵੰਤੀ ਰਾਗ ਨਾਲ ਕੀਤਾ ਗਿਆ ਹੈ। ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਦਰਸਾਉਣ ਲਈ ਸ਼ਬਦ “ਮਹਲਾ” ਦੇ ਨਾਲ ਅੰਕ ਦੀ ਵਰਤੋਂ ਕੀਤੀ ਗਈ ਹੈ। ਜਿਵੇਂ ਮਹਲਾ ੧ ਦੇ ਵਿੱਚ ਗੁਰੂ ਨਾਨਕ ਦੇਵ ਜੀ ਤੇ ਮਹਲਾ ੨ ਦੇ ਵਿੱਚ ਗੂਰੂ ਅੰਗਦ ਦੇਵ ਜੀ ਦੀ ਬਾਣੀ ਦਰਜ ਹੈ।
ਭਾਈ ਗੁਰਦਾਸ ਜੀ ਗੁਰਮਤਿ ਦੇ ਉੱਘੇ ਵਿਦਵਾਨ ਅਤੇ ਮੁੱਖ ਪ੍ਰਬੰਧਕਾਂ ਦੇ ਵਿਚੋਂ ਇੱਕ ਸਨ, ਜਿਨ੍ਹਾਂ ਨੇ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਹੇਠ ਪਾਵਨ ਬੀੜ ਲਿਖਣ ਦੀ ਸੇਵਾ ਨਿਭਾਈ। ਬਾਣੀ ਲਿਖਣ ਦਾ ਕਾਰਜ ਮੁਕੰਮਲ ਹੋਣ ਤੋਂ ਬਾਅਦ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ 1661 ਬਿਕਰਮੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ।
ਮੁਗਲਾਂ ਨਾਲ ਲੰਬੀ ਜੱਦੋ-ਜਹਿਦ ਤੋਂ ਬਾਅਦ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1706 ਈ. ਵਿੱਚ ਤਲਵੰਡੀ ਸਾਬੋ ਵਿਖੇ ਆਦਿ ਗ੍ਰੰਥ ਦੀ ਸੰਪੂਰਨਤਾ ਕਰਦੇ ਹੋਏ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਰਜ ਕੀਤਾ ਤੇ ਬਾਣੀ ਲਿਖਣ ਦੀ ਮਹਾਨ ਸੇਵਾ ਭਾਈ ਮਨੀ ਸਿੰਘ ਨੇ ਨਿਭਾਈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਬਚਲ ਨਗਰ ਹਜ਼ੂਰ ਸਾਹਿਬ, ਨਾਂਦੇੜ ਵਿਖੇ ਅਕਤੂਬਰ, 1708 ਈ. ਨੂੰ ਜੋਤੀ ਜੋਤਿ ਸਮਾਉਣ ਦੇ ਸਮੇਂ ਇਸ ਪਾਵਨ ਗ੍ਰੰਥ ਨੂੰ ਮੱਥਾ ਟੇਕਿਆ ਤੇ ਇਸ ਗ੍ਰੰਥ ਦੀ ਪਰਿਕਰਮਾ ਕਰਕੇ ਗੁਰੂ ਥਾਪ ਦਿੱਤਾ। ਸਿੱਖ ਕੌਮ ਨੂੰ ਸਦੀਵੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਕਿਹਾ:
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ
- PTC NEWS