Prakash Purab : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼
Guru Granth Sahib Prakash Purab 2024 : ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੰਸਾਰ ਦੇ ਇੱਕੋ-ਇੱਕ ਸ਼ਬਦ ਸਰੂਪ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਜਿਹਨਾਂ ਦਾ ਪਹਿਲਾ ਪ੍ਰਕਾਸ਼ ਪੁਰਬ ਇਸ ਸਾਲ 20 ਭਾਦੋਂ (4 ਸਤੰਬਰ) ਨੂੰ ਸੰਸਾਰ ਭਰ 'ਚ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ।
"ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ" ਗੁਰਬਾਣੀ, ਭਾਵ ਗੁਰੂ ਦੀ ਰਸਨਾ ਤੋਂ ਨਿਕਲੀ ਬਾਣੀ ਅਤੇ ਬਾਣੀ ਤੋਂ ਭਾਵ ਉਸ ਸੱਚ ਤੋਂ ਹੈ ਜੋ ਮਨੁੱਖ ਨੂੰ ਦੁਨੀਆ ਵਿੱਚ ਸੇਵ ਕਮਾਉਣ ਲਈ ਉਤਸ਼ਾਹਿਤ ਕਰਦਿਆਂ ਸੱਚ ਨਾਲ ਇਕਮਿਕ ਹੋਣ ਦਾ ਮਾਰਗ ਦੱਸਦਾ ਹੈ। ਇਹ ਗੱਲ ਵੱਖਰੀ ਹੈ ਕਿ ਮਨੁੱਖ ਉਸ ਸੱਚ ਨੂੰ ਸਮਝਦਿਆਂ ਉਸ ਨੂੰ ਅਪਣਾਉਣ ਦਾ ਯਤਨ ਕਰਦਾ ਹੈ ਜਾਂ ਨਹੀਂ। ਦੁਨੀਆ ਦੇ ਇਤਿਹਾਸ ਵਿੱਚ ਵੱਖ-ਵੱਖ ਧਰਮ ਗ੍ਰੰਥਾਂ ਵਿੱਚ ਇਸ ਤਰ੍ਹਾਂ ਦਾ ਤਾਂ ਹਵਾਲਾ ਮਿਲਦਾ ਹੀ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਉਸ ਅਕਾਲੀ ਸੱਚ ਨੂੰ ਜਿੱਥੇ ਮਨੁੱਖ ਦੀ ਸਮਝ ਦੇ ਪੱਧਰ 'ਤੇ ਬਿਆਨਦੀ ਹੈ, ਉੱਥੇ ਮਨੁੱਖ ਨੂੰ ਉਸ ਢੰਗ ਨਾਲ ਜਿਊਣ ਦਾ ਅਹਿਸਾਸ ਵੀ ਦਿੰਦੀ ਹੈ। ਗੁਰ ਫੁਰਮਾਨ ਹੈ: "ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥"
ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਜਿੱਥੇ ਪੰਜ-ਛੇ ਸਦੀਆਂ ਦਾ ਧਾਰਮਿਕ ਅਨੁਭਵ ਸਮਾਇਆ ਹੈ, ਉੱਥੇ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਪ੍ਰੰਪਰਾਵਾਂ ਦਾ ਚਿੰਤਨ ਵੀ ਪ੍ਰਾਪਤ ਹੈ । ਪਾਵਨ ਗੁਰਬਾਣੀ ਦੀ ਰਚਨਾ ਕਰਦਿਆਂ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਿਆਨ ਚਰਚਾਵਾਂ ਰਾਹੀਂ ਜਿੱਥੇ ਅਧਿਆਤਮਕ ਸਾਂਝਾਂ ਨੂੰ ਸੰਜੋਇਆ ਹੈ, ਉੱਥੇ ਦੂਸਰੇ ਗੁਰਦੇਵ ਸ੍ਰੀ ਗੁਰੂ ਅੰਗਦ ਦੇਵ ਜੀ, ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ, ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਣੀ ਉਚਾਰਦਿਆਂ ਮਨੁੱਖਤਾ ਨੂੰ ਕਲਿਆਣਕਾਰੀ ਜੀਵਨ ਰਾਹ ਪ੍ਰਦਾਨ ਕੀਤੀ।
ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਹੈ ਕਿ ਇਹਨਾਂ ਦੇ 1430 ਅੰਗਾਂ 'ਤੇ ਪ੍ਰਭੂ ਭਗਤੀ ਤੇ ਨਾਮ ਸਿਮਰਨ, ਭਾਵ ਅਧਿਆਤਮ ਦੇ ਨਾਲ-ਨਾਲ ਸੰਸਾਰਿਕ ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਵੀ ਬਰਾਬਰ ਅਹਿਮੀਅਤ ਦਿੱਤੀ ਗਈ ਹੈ। ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਨੂੰ 30 ਰਾਗਾਂ ਵਿੱਚ ਤਰਤੀਬ ਦਿੰਦਿਆਂ, 52 ਸਿਰਲੇਖ ਦੇ ਕੇ ਕ੍ਰਮਬੱਧ ਕੀਤਾ ਅਤੇ ਫੇਰ ਭਗਤ ਬਾਣੀ, ਭੱਟ ਬਾਣੀ, ਗੁਰਸਿਖਾਂ ਦੀ ਬਾਣੀ ਨੂੰ ਵੀ ਦਰਜ ਕਰਦਿਆਂ ਸ੍ਰੀ ਆਦਿ ਗ੍ਰੰਥ ਦੇ ਰੂਪ ਵਿੱਚ ਸੰਕਲਿਤ ਕੀਤਾ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਆਦਿ ਗ੍ਰੰਥ ਜੀ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਪਾਸੋਂ ਲੈ ਕੇ ਇਤਿਹਾਸਕ ਰੂਪ ਵਿੱਚ ਮਨੁੱਖਤਾ ਨੂੰ ਗਿਆਨ ਪ੍ਰਬੋਧ ਵਿੱਚ ਪਰਬੀਨ ਹੋਣ ਦੀ ਵੀ ਪ੍ਰੇਰਣਾ ਦਿੱਤੀ।
ਇਸ ਤਰ੍ਹਾਂ ਗੁਰੂ ਸਾਹਿਬ ਨੇ ਸਮੁੱਚੀ ਬਾਣੀ ਦਾ ਭਾਦੋਂ ਸੁਦੀ ਏਕਮ, 1661 ਬਿਕ੍ਰਮੀ ਨੂੰ ਸ੍ਰੀ ਆਦਿ ਗ੍ਰੰਥ ਦੇ ਰੂਪ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ। ਧੁਰ ਕੀ ਬਾਣੀ ਦਾ ਜਦ ਪ੍ਰਕਾਸ਼ ਹੋਇਆ ਤਾਂ ਇਲਾਹੀ ਵਾਕ ਉਚਾਰਨ ਕੀਤਾ ਗਿਆ.... "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥"
- PTC NEWS