Ragging ਮਾਮਲੇ ’ਚ ਮੈਡੀਕਲ ਕਾਲਜ ਦਾ ਸਖ਼ਤ ਐਕਸ਼ਨ, 2 ਵਿਦਿਆਰਥੀ ਸਸਪੈਂਡ, ਸ਼ਿਕਾਇਤਕਰਤਾ ਨੂੰ ਵੀ ਦਿੱਤੀ ਸਜ਼ਾ
ਮੰਡੀ ਦੇ ਨੇਰਚੌਕ ਸਥਿਤ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਰੈਗਿੰਗ ਅਤੇ ਹਮਲੇ ਦੇ ਇੱਕ ਮਾਮਲੇ ’ਚ ਕਾਲਜ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਪਣਾਇਆ ਹੈ। ਦੱਸ ਦਈਏ ਕਿ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਦੋ ਸੀਨੀਅਰ ਐਮਬੀਬੀਐਸ ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਹੀ ਨਹੀਂ ਕਾਲਜ ਪ੍ਰਸ਼ਾਸਨ ਨੇ ਸ਼ਿਕਾਇਤਕਰਤਾ ਦੇ ਖਿਲਾਫ ਵੀ ਰੈਗਿੰਗ ਵਿਰੋਧੀ ਪ੍ਰਬੰਧਾਂ ਦੀ ਦੁਰਵਰਤੋਂ ਕਰਨ ਅਤੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਵਿੱਚ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਗਈ ਹੈ।
ਕਾਲਜ ਪ੍ਰਸ਼ਾਸਨ ਦੇ ਅਨੁਸਾਰ ਇਹ ਕਾਰਵਾਈ ਇੱਕ ਫੈਕਟ ਫਾਈਡਿੰਗ ਕਮੇਟੀ ਦੀ ਜਾਂਚ ਅਤੇ ਐਂਟੀ-ਰੈਗਿੰਗ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਕੀਤੀ ਗਈ ਹੈ। ਇਹ ਸ਼ਿਕਾਇਤ 19 ਦਸੰਬਰ, 2025 ਨੂੰ ਦੂਜੇ ਸਾਲ ਦੇ ਐਮਬੀਬੀਐਸ ਵਿਦਿਆਰਥੀ ਸ਼ੁਭਮ ਸਿੰਘ ਦੁਆਰਾ ਦਰਜ ਕਰਵਾਈ ਗਈ ਸੀ। ਉਸਨੇ ਇਲਜ਼ਾਮ ਲਗਾਇਆ ਕਿ 18 ਦਸੰਬਰ ਨੂੰ, ਚੌਥੇ ਸਾਲ ਦੇ ਐਮਬੀਬੀਐਸ ਵਿਦਿਆਰਥੀਆਂ ਹਰਸ਼ ਅਤੇ ਪ੍ਰਸ਼ਾਂਤ ਝਾਅ ਨੇ ਕਾਲਜ ਕੈਂਪਸ ਹੋਸਟਲ ਵਿੱਚ ਉਸ 'ਤੇ ਹਮਲਾ ਕੀਤਾ।
ਸ਼ਿਕਾਇਤ ਮਿਲਣ ਤੋਂ ਬਾਅਦ ਕਾਲਜ ਪ੍ਰਸ਼ਾਸਨ ਨੇ ਬਲਹ ਪੁਲਿਸ ਸਟੇਸ਼ਨ ਦੇ ਐਸਐਚਓ ਨੂੰ ਸੂਚਿਤ ਕੀਤਾ ਅਤੇ ਅੰਦਰੂਨੀ ਜਾਂਚ ਸ਼ੁਰੂ ਕੀਤੀ। ਫੈਕਟ ਫਾਈਡਿੰਗ ਕਮੇਟੀ ਨੇ ਸ਼ਿਕਾਇਤਕਰਤਾ, ਮੁਲਜ਼ਮ ਵਿਦਿਆਰਥੀਆਂ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ, ਜਿਸ ਤੋਂ ਬਾਅਦ ਰਿਪੋਰਟ ਕਾਲਜ ਦੀ ਐਂਟੀ-ਰੈਗਿੰਗ ਕਮੇਟੀ ਨੂੰ ਪੇਸ਼ ਕੀਤੀ ਗਈ।
ਜਾਂਚ ਤੋਂ ਪਤਾ ਲੱਗਾ ਕਿ ਦੋਵੇਂ ਸੀਨੀਅਰ ਵਿਦਿਆਰਥੀਆਂ ਨੇ ਹਮਲੇ ਦੀ ਗੱਲ ਕਬੂਲ ਕੀਤੀ ਹੈ ਅਤੇ ਉਨ੍ਹਾਂ ਨੂੰ ਰੈਗਿੰਗ ਨਾਲ ਸਬੰਧਿਤ ਅਨੁਸ਼ਾਸਨਹੀਣਤਾ ਦਾ ਮੁਲਜ਼ਮ ਪਾਇਆ ਗਿਆ ਹੈ। ਹਾਲਾਂਕਿ, ਕਮੇਟੀ ਨੇ ਇਹ ਵੀ ਪਾਇਆ ਕਿ ਸ਼ਿਕਾਇਤਕਰਤਾ ਨੇ ਬਦਨੀਤੀ ਨਾਲ ਕੰਮ ਕੀਤਾ ਸੀ। ਜਾਂਚ ਤੋਂ ਪਤਾ ਲੱਗਾ ਕਿ ਉਸਨੇ ਵਿਵਾਦ ਨੂੰ ਸੁਲਝਾਉਣ ਦੇ ਬਦਲੇ ਸੀਨੀਅਰ ਵਿਦਿਆਰਥੀਆਂ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਅਤੇ ਰੈਗਿੰਗ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਵੀ ਕੀਤੀ।
ਕਮੇਟੀ ਦੀ ਮੀਟਿੰਗ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਦੋਵੇਂ ਦੋਸ਼ੀ ਸੀਨੀਅਰ ਵਿਦਿਆਰਥੀਆਂ ਨੂੰ ਪਹਿਲਾਂ ਵੀ ਕਾਲਜ ਪ੍ਰਸ਼ਾਸਨ ਵੱਲੋਂ ਅਨੁਸ਼ਾਸਨਹੀਣਤਾ ਲਈ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ।
ਕਾਲਜ ਪ੍ਰਿੰਸੀਪਲ ਡਾ. ਡੀ.ਕੇ. ਵਰਮਾ ਨੇ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੰਸਥਾ ਦੀ ਅਨੁਸ਼ਾਸਨ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਹੈ। ਉਨ੍ਹਾਂ ਕਿਹਾ ਕਿ ਹਰਸ਼ ਅਤੇ ਪ੍ਰਸ਼ਾਂਤ ਨੂੰ ਕਾਲਜ ਤੋਂ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇੱਕ ਸਾਲ ਲਈ ਹੋਸਟਲ ਤੋਂ ਕੱਢ ਦਿੱਤਾ ਗਿਆ ਹੈ ਅਤੇ ਵੀਹ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਪ੍ਰਿੰਸੀਪਲ ਦੇ ਅਨੁਸਾਰ, ਸ਼ਿਕਾਇਤਕਰਤਾ ਸ਼ੁਭਮ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ। ਜਾਂਚ ਵਿੱਚ ਉਸਨੂੰ ਸੀਨੀਅਰ ਵਿਦਿਆਰਥੀਆਂ ਨੂੰ ਭੜਕਾਉਣ ਅਤੇ ਰੈਗਿੰਗ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਕਰਕੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲੱਗਿਆ ਹੈ। ਨਤੀਜੇ ਵਜੋਂ, ਉਸਨੂੰ ਛੇ ਹਫ਼ਤਿਆਂ ਲਈ ਹੋਸਟਲ ਤੋਂ ਕੱਢ ਦਿੱਤਾ ਗਿਆ ਹੈ ਅਤੇ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : Former DGP Sumedh Saini News : ਆਮਦਨ ਤੋਂ ਵੱਧ ਜਾਇਦਾਦ ਮਾਮਲਾ, ਸਾਬਕਾ DGP ਸੁਮੈਧ ਸੈਣੀ ਨੂੰ SIT ਨੇ ਦਿੱਤੀ ਕਲੀਨ ਚਿੱਟ
- PTC NEWS