UK 'ਚ ਬਜ਼ੁਰਗ ਸਿੱਖਾਂ 'ਤੇ ਹਮਲਾ; ਸੁਖਬੀਰ ਸਿੰਘ ਬਾਦਲ ਨੇ ਕੀਤੀ ਸਖਤ ਨਿਖੇਧੀ, ਭਾਰਤ ਸਰਕਾਰ ਕੋਲ ਚੁੱਕਿਆ ਮੁੱਦਾ
Sukhbir Singh Badal on Attack on Elderly Sikh in UK : ਅਮਰੀਕਾ 'ਚ ਬਜ਼ੁਰਗ ਸਿੱਖ 'ਤੇ ਹਮਲੇ ਦੇ ਮਾਮਲੇ ਤੋਂ ਬਾਅਦ ਹੁਣ ਯੂਕੇ 'ਚ ਬਜ਼ੁਰਗ ਸਿੱਖਾਂ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਸਿੱਖ ਜਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਇਸ ਨਸਲੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਭਾਰਤ ਸਰਕਾਰ ਨੂੰ ਯੂਕੇ ਸਰਕਾਰ ਕੋਲ ਮਸਲਾ ਚੁੱਕਣ ਦੀ ਮੰਗ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੀ ਭਿਆਨਕਤਾ ਨੂੰ ਦਰਸਾਉਂਦੀ ਵੀਡੀਓ ਵੀ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝੀ ਕੀਤੀ ਹੈ, ਜਿਸ ਨੂੰ ਵੇਖਣਾ ਬਹੁਤ ਹੀ ਦੁਖਦਾਈ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ''ਮੈਂ ਵੁਲਵਰਹੈਂਪਟਨ (ਯੂਕੇ) ਵਿੱਚ ਦੋ ਬਜ਼ੁਰਗ ਸਿੱਖ ਆਦਮੀਆਂ 'ਤੇ ਹੋਏ ਭਿਆਨਕ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ ਵਿੱਚ ਇੱਕ ਸਿੱਖ ਦੀ ਪੱਗ ਜ਼ਬਰਦਸਤੀ ਉਤਾਰ ਦਿੱਤੀ ਗਈ ਸੀ। ਇਹ ਨਸਲਵਾਦੀ ਨਫ਼ਰਤ ਭਰਿਆ ਅਪਰਾਧ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਾ ਹੈ, ਜੋ ਹਮੇਸ਼ਾ "ਸਰਬੱਤ ਦਾ ਭਲਾ" ਭਾਵ ਸਾਰਿਆਂ ਦੀ ਭਲਾਈ ਵਿੱਚ ਵਿਸ਼ਵਾਸ ਰੱਖਦਾ ਹੈ।''
ਉਨ੍ਹਾਂ ਕਿਹਾ ਕਿ ਹਮਦਰਦੀ ਅਤੇ ਸੇਵਾ ਲਈ ਜਾਣਿਆ ਜਾਂਦਾ, ਸਿੱਖ ਭਾਈਚਾਰਾ ਦੁਨੀਆ ਭਰ ਵਿੱਚ ਸੁਰੱਖਿਆ ਅਤੇ ਸਤਿਕਾਰ ਦਾ ਹੱਕਦਾਰ ਹੈ। ਉਨ੍ਹਾਂ ਕਿਹਾ, ''ਮੈਂ ਵੈਸਟ ਮਿਡਲੈਂਡਜ਼ ਪੁਲਿਸ ਅਤੇ ਯੂਕੇ ਦੇ ਗ੍ਰਹਿ ਦਫ਼ਤਰ ਨੂੰ ਤੁਰੰਤ ਕਾਰਵਾਈ ਕਰਨ ਅਤੇ ਪੀੜਤਾਂ ਲਈ ਨਿਆਂ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ।''
ਸੁਖਬੀਰ ਸਿੰਘ ਬਾਦਲ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਸਿੱਖ ਪ੍ਰਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯੂਕੇ ਸਰਕਾਰ ਕੋਲ ਇਹ ਮੁੱਦਾ ਉਠਾਉਣ।
- PTC NEWS