SGPC ਮੈਂਬਰ ਭਾਈ ਰਾਮ ਸਿੰਘ ਦੇ ਘਰ ਅਫ਼ਸੋਸ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ ,ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Amritsar News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼ਾਮ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਦੇ ਘਰ ਅੰਮ੍ਰਿਤਸਰ ਵਿਖੇ ਅਫਸੋਸ ਕਰਨ ਪੁੱਜੇ ਹਨ। ਇਸ ਮੌਕੇ ਉਨ੍ਹਾਂ ਭਾਈ ਰਾਮ ਸਿੰਘ ਦੀ ਪਤਨੀ ਬੀਬੀ ਹਰਦੀਪ ਕੌਰ ਅਤੇ ਬੇਟੇ ਸਰਤਾਜ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਭਾਈ ਸਾਹਿਬ ਦੇ ਦੇਹਾਂਤ ਨੂੰ ਸਿੱਖ ਪੰਥ ਲਈ ਵੱਡਾ ਘਾਟਾ ਕਰਾਰ ਦਿੱਤਾ।
ਸੁਖਬੀਰ ਸਿੰਘ ਬਾਦਲ ਨੇ ਭਾਈ ਰਾਮ ਸਿੰਘ ਦੀਆਂ ਪੰਥ ਅਤੇ ਪਾਰਟੀ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਤੇ ਕੁਲਦੀਪ ਸਿੰਘ ਪੰਡੋਰੀ ਆਦਿ ਵੀ ਹਾਜ਼ਰ ਸਨ। ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਦਾ ਅੱਜ ਚਾਟੀਵਿੰਡ ਗੇਟ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਮ੍ਰਿਤਕ ਦੇਹ ’ਤੇ ਲੋਈ ਪਾ ਕੇ ਸਨਮਾਨ ਦਿੱਤਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਅਰਦਾਸ ਉਪਰੰਤ ਭਾਈ ਰਾਮ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਰਤਾਜ ਨੇ ਦਿੱਤੀ।
- PTC NEWS