Bathinda News : ਢੌਂਗੀ ਬਾਬੇ ਨੇ ਕਈ ਔਰਤਾਂ ਨਾਲ ਮਾਰੀ ਠੱਗੀ ,ਜਗਰਾਤਾ ਕਰਨ ਦੇ ਬਹਾਨੇ ਲੱਖਾਂ ਰੁਪਏ ਦਾ ਸੋਨਾ -ਚਾਂਦੀ ਅਤੇ ਨਗਦੀ ਲੈ ਕੇ ਫਰਾਰ
Bathinda News : ਬਠਿੰਡਾ ਅੰਦਰ ਭੋਲੇ- ਭਾਲੇ ਲੋਕਾਂ ਨੂੰ ਇੱਕ ਬਾਬੇ ਵੱਲੋਂ ਗੁੰਮਰਾਹ ਕਰਕੇ ਲੱਖਾਂ ਰੁਪਏ ਦਾ ਸੋਨਾ,ਚਾਂਦੀ ਅਤੇ ਨਗਦੀ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੋਕ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕਰ ਰਹੇ ਹਨ। ਬੇਸ਼ੱਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਕਥੀਤ ਆਰੋਪੀ ਨੂੰ ਫੜਨ ਦਾ ਦਾਅਵਾ ਵੀ ਕੀਤਾ ਜਾ ਰਿਹਾ।
ਦਰਅਸਲ 'ਚ ਬਠਿੰਡਾ ਦੇ 25 ਗਜ ਬੇਅੰਤ ਨਗਰ ਵਿੱਚ ਰਹਿਣ ਵਾਲੇ ਕਰੀਬ ਤਿੰਨ ਦਰਜਨ ਤੋਂ ਵੱਧ ਔਰਤਾਂ ਨੂੰ ਇੱਕ ਕਥਿਤ ਢੋਂਗੀ ਬਾਬੇ ਵੱਲੋਂ ਉਹਨਾਂ ਦੇ ਕਸ਼ਟ ਕਲੇਸ਼ ਦੂਰ ਕਰਕੇ ਉਹਨਾਂ ਦਾ ਸੋਨਾਂ ਚਾਂਦੀ ਸ਼ੁੱਧ ਕਰਨ ਦਾ ਢੋਂਗ ਕਰਕੇ ਲੱਖਾਂ ਰੁਪਏ ਦੇ ਸੋਨੇ -ਚਾਂਦੀ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਗਿਆ। ਢੋਂਗੀ ਬਾਬਾ ਮੁਹੱਲਾ ਵਾਸੀ ਔਰਤਾਂ ਨੂੰ ਕਰੀਬ ਪਿਛਲੇ ਇਕ ਮਹੀਨੇ ਤੋਂ ਪਾਠ ਪੂਜਾ ਕਰਕੇ ਆਪਣੇ ਝਾਂਸੇ ਵਿੱਚ ਫਸਾਉਣ ਲੱਗਿਆ ਹੋਇਆ ਸੀ। ਜਿਸ ਕਰਕੇ ਔਰਤਾਂ ਦਾ ਉਸ ਦੇ ਕਾਫੀ ਜ਼ਿਆਦਾ ਵਿਸ਼ਵਾਸ ਬਣ ਗਿਆ ਅਤੇ ਉਸਨੇ ਉਸ ਮਹੱਲੇ ਵਿੱਚ ਵੱਡਾ ਭੰਡਾਰਾ ਕਰਕੇ ਜਗਰਾਤਾ ਕਰਨ ਦਾ ਕਹਿੰਦੇ ਹੋਏ ਔਰਤਾਂ ਦੇ ਗਹਿਣੇ ਅਤੇ ਨਗਦੀ ਉਹਨਾਂ ਤੋਂ ਇਕੱਠੀ ਕਰ ਲਈ।
ਭੋਲੀਆਂ -ਭਾਲੀਆਂ ਕਰੀਬ ਤਿੰਨ ਦਰਜਨ ਤੋਂ ਵੱਧ ਔਰਤਾਂ ਨੇ ਆਪਣੇ ਲੱਖਾਂ ਰੁਪਏ ਦੇ ਮਿਹਨਤ ਨਾਲ ਇਕੱਠੇ ਕੀਤੇ ਗਹਿਣੇ ਜਿਨਾਂ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣੇ ਤੋਂ ਇਲਾਵਾ ਨਗਦੀ ਵੀ ਸ਼ਾਮਿਲ ਸੀ ਬਾਬੇ ਨੂੰ ਦੇ ਦਿੱਤੀ ਪਰ ਉਸ ਤੋਂ ਬਾਅਦ ਬਾਬਾ ਸੋਨਾ ਚਾਂਦੀ ਅਤੇ ਪੈਸੇ ਲੈ ਕੇ ਫਰਾਰ ਹੋ ਗਿਆ। ਹੁਣ ਇਹ ਮਹੱਲਾ ਵਾਸੀ ਉਸ ਬਾਬੇ ਵੱਲੋਂ ਕੀਤੀ ਗਈ ਠੱਗੀ 'ਤੇ ਪਛਤਾ ਰਹੇ ਹਨ,ਉਥੇ ਹੀ ਧਰਮ ਦੇ ਨਾਂ 'ਤੇ ਕੀਤੀ ਗਈ ਠੱਗੀ ਲਈ ਪੁਲਿਸ ਤੋਂ ਇਨਸਾਫ ਦੀ ਗੁਹਾਰ ਵੀ ਲਗਾ ਰਹੇ ਹਨ।
ਉਧਰ ਦੂਜੇ ਪਾਸੇ ਬਠਿੰਡਾ ਪੁਲਿਸ ਨੇ ਪੀੜਤ ਔਰਤਾਂ ਦੇ ਬਿਆਨ 'ਤੇ ਬਾਬੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਐਸਪੀ ਸਿਟੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਬਾਬੇ ਨੂੰ ਫੜਨ ਲਈ ਟੀਮਾਂ ਦਾ ਗਠਨ ਕਰ ਲਿਆ ਗਿਆ ਹੈ ਤੇ ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਪਤਾ ਲੱਗਿਆ ਹੈ ਇਸ ਤੋਂ ਪਹਿਲਾਂ ਵੀ ਇਸ ਬਾਬੇ ਵੱਲੋਂ ਕਈ ਲੋਕਾਂ ਨੂੰ ਆਪਣੇ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਸੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਢੋਂਗੀ ਬਾਬਿਆਂ ਤੋਂ ਸੁਚੇਤ ਰਹਿਣ।
- PTC NEWS