Tarn Taran By Election 2025 : ਪੰਜਾਬ ’ਚ ਮੁੜ ਵੱਜਿਆ ਚੋਣਾਂ ਦਾ ਬਿਗੁਲ, ਤਰਨਤਾਰਨ ਜ਼ਿਮਨੀ ਚੋਣ ਦਾ ਐਲਾਨ, ਜਾਣੋ ਤਰੀਕਾਂ
Tarn Taran By Election 2025 : ਭਾਰਤੀ ਚੋਣ ਕਮਿਸ਼ਨ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਸ਼ਡਿਊਲ ਦੇ ਨਾਲ-ਨਾਲ ਪੰਜਾਬ ਵਿੱਚ ਤਰਨਤਾਰਨ ਉਪ ਚੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਚੋਣ ਕਮਿਸ਼ਨ ਵੱਲੋਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਚੋਣਾਂ ਦਾ ਐਲਾਨ ਕੀਤਾ ਗਿਆ ਹੈ।
ਚੋਣ ਕਮਿਸ਼ਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਤਰਨਤਾਰਨ ’ਚ 11 ਨਵੰਬਰ ਨੂੰ ਵੋਟਾਂ ਪੈਣਗੀਆਂ। ਜਿਸਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਇਸ ਦੇ ਨਾਲ ਹੀ ਤਰਨ ਤਾਰਨ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣ ਲਈ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ 13 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਅਕਤੂਬਰ ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 22 ਅਕਤੂਬਰ ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਅੰਤਿਮ ਮਿਤੀ 24 ਅਕਤੂਬਰ 2025 ਹੈ।
ਸਿਬਿਨ ਸੀ ਨੇ ਦੱਸਿਆ ਕਿ 11 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 14 ਨਵੰਬਰ 2025 ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਨਾਮਜ਼ਦਗੀ ਪੱਤਰ 13 ਅਕਤੂਬਰ ਤੋਂ ਲੈ ਕੇ 21 ਅਕਤੂਬਰ ਤੱਕ ਕਿਸੇ ਵੀ ਕੰਮਕਾਰ ਵਾਲੇ ਦਿਨ ਭਰੇ ਜਾ ਸਕਣਗੇ। ਸਿਰਫ 19 ਅਕਤੂਬਰ ਐਤਵਾਰ ਅਤੇ 20 ਅਕਤੂਬਰ ਦੀਵਾਲੀ ਨੂੰ ਛੁੱਟੀ ਵਾਲੇ ਦਿਨ ਪੱਤਰ ਦਾਖਿਲ ਨਹੀਂ ਕੀਤੇ ਜਾ ਸਕਣਗੇ।
ਦੱਸ ਦਈਏ ਕਿ ਤਰਨ ਤਾਰਨ ਵਿਧਾਨ ਸਭਾ ਉਪ ਚੋਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਰਜੀਤ ਸਿੰਘ ਸੰਧੂ ਨੂੰ, ਆਮ ਆਦਮੀ ਪਾਰਟੀ (ਆਪ) ਨੇ ਹਰਮੀਤ ਸਿੰਘ ਸੰਧੂ ਨੂੰ, ਸ਼੍ਰੋਮਣੀ ਅਕਾਲੀ ਦਲ ਨੇ ਪ੍ਰੋ. ਸੁਖਵਿੰਦਰ ਕੌਰ ਰੰਧਾਵਾ ਤੇ ਕਾਂਗਰਸ ਕਰਨ ਸਿੰਘ ਬੁਰਜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਕਾਬਿਲੇਗੌਰ ਹੈ ਕਿ ਤਰਨਤਾਰਨ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਮੌਤ ਕਾਰਨ ਖਾਲੀ ਹੋ ਗਈ ਸੀ।
ਇਹ ਵੀ ਪੜ੍ਹੋ : Amritsar News : 14 ਦਿਨਾਂ ਤੋਂ ਈਰਾਨ 'ਚ ਫਸੇ ਪੰਜਾਬੀ ਨੌਜਵਾਨ ਦੀ ਹੋਈ ਵਤਨ ਵਾਪਸੀ, ਏਜੰਟਾਂ ਨੇ ਬੰਦੀ ਬਣਾ ਕੇ ਮੰਗੀ ਸੀ 50 ਲੱਖ ਦੀ ਫਿਰੌਤੀ
- PTC NEWS