Sri Muktsar Sahib News : ਵੜਿੰਗ ਟੋਲ ਪਲਾਜ਼ਾ ਬੰਦ ਕਰਵਾਉਣ ਨੂੰ ਲੈ ਕੇ ਸਥਿਤੀ ਬਣੀ ਤਣਾਅਪੂਰਨ ,ਚੱਲੀਆਂ ਡਾਂਗਾਂ , ਵੱਡੀ ਗਿਣਤੀ 'ਚ ਪਹੁੰਚੀ ਪੁਲਿਸ
Sri Muktsar Sahib News : ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵੜਿੰਗ ਟੋਲ ਪਲਾਜ਼ਾ ‘ਤੇ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਸਿੱਧੂਪੁਰ ਏਕਤਾ ਕਿਸਾਨ ਯੂਨੀਅਨ ਟੋਲ ਪਲਾਜ਼ਾ ਬੰਦ ਕਰਾਉਣ ਦੇ ਲਈ ਪਹੁੰਚੀ। ਇਸ ਦੌਰਾਨ ਟੋਲ ਪਲਾਜ਼ਾ ਦੇ ਕਰਮਚਾਰੀ, ਪਿੰਡ ਵਾਸੀ ਅਤੇ ਕਿਸਾਨ ਯੂਨੀਅਨ ਦੇ ਮੈਂਬਰ ਆਹਮੋ -ਸਾਹਮਣੇ ਹੋ ਗਏ। ਮਾਮਲੇ ਨੇ ਓਦੋਂ ਗੰਭੀਰ ਰੂਪ ਧਾਰਨ ਕਰ ਲਿਆ ,ਜਦੋਂ ਧੱਕਾ ਮੁੱਕੀ ਹੋਈ ਅਤੇ ਹਲਕੀਆਂ ਡਾਂਗਾਂ ਵੀ ਚੱਲੀਆਂ। ਇਸ ਘਟਨਾ ਵਿੱਚ ਪੱਤਰਕਾਰ ਨਾਲ ਪੁਲਿਸ ਮੁਲਾਜ਼ਮ ਵੱਲੋਂ ਬਦਸਲੂਕੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਨੇੜੇ ਟੋਲ ਪਲਾਜ਼ਾ ਚੱਲ ਰਿਹਾ ਹੈ। ਜਿਸ ਦੇ ਨਾਲ ਹੀ ਦੋ ਜੁੜਵਾ ਨਹਿਰਾਂ ਗੁਜ਼ਰਦੀਆਂ ਹਨ। ਇੱਥੇ ਕਈ ਸਾਲ ਪਹਿਲਾਂ ਪੁਲ ਬਣਾਏ ਗਏ ਸਨ ,ਜਿਨ੍ਹਾਂ ਦੀ ਮਿਆਦ ਮੁੱਕਣ ਦੇ ਬਾਵਜੂਦ ਨਵੇਂ ਪੁਲ ਨਹੀਂ ਬਣਾਏ ਗਏ। ਇਸ ਕਾਰਨ ਲੋਕ ਕਈ ਵਾਰ ਧਰਨਾ ਦੇ ਚੁੱਕੇ ਹਨ ਅਤੇ ਸਮਝੌਤੇ ਦੇ ਤਹਿਤ ਉਹ ਧਰਨੇ ਖਤਮ ਕਰਦੇ ਰਹੇ। ਆਖਰੀ ਵਾਰ ਡਕੌਦਾ ਕਿਸਾਨ ਯੂਨੀਅਨ ਵੱਲੋਂ ਕਰੀਬ ਦੋ ਸਾਲ ਪਹਿਲਾਂ ਧਰਨਾ ਲਗਾਇਆ ਗਿਆ ਸੀ, ਜੋ ਟੋਲ ਪ੍ਰਬੰਧਕਾਂ ਦੇ ਲਿਖਤੀ ਭਰੋਸੇ ‘ਤੇ ਖਤਮ ਹੋਇਆ ਸੀ।
ਟੋਲ ਪ੍ਰਬੰਧਕਾਂ ਨੇ ਉਸ ਸਮੇਂ ਡੇਢ ਸਾਲ ਦੇ ਅੰਦਰ ਨਵੇਂ ਪੁਲ ਬਣਾਉਣ ਲਈ ਲਿਖਤੀ ਦਿੱਤਾ ਸੀ ਪਰ ਪੁੱਲ ਅਜੇ ਤੱਕ ਤਿਆਰ ਨਹੀਂ ਹੋਏ। ਇਸ ਸਬੰਧ ਵਿੱਚ ਅੱਜ ਸਿੱਧੂਪੁਰ ਏਕਤਾ ਕਿਸਾਨ ਯੂਨੀਅਨ ਟੋਲ ਪਲਾਜ਼ਾ ਬੰਦ ਕਰਨ ਲਈ ਪਹੁੰਚੀ। ਜਿਸ ਨਾਲ ਤਣਾਅਪੂਰਨ ਮਾਹੌਲ ਬਣ ਗਿਆ। ਟੋਲ ਪਲਾਜ਼ਾ ਦੇ ਮੈਨੇਜਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਪਹਿਲਾਂ ਹੀ ਡਕਾਉਂਦਾ ਯੂਨੀਅਨ ਨੂੰ ਪ੍ਰਸ਼ਾਸਨ ਦੇ ਰਾਹੀਂ ਲਿਖਤੀ ਦੇ ਕੇ ਭਰੋਸਾ ਦਿੱਤਾ ਸੀ ਪਰ ਸਿੱਧੂਪੁਰ ਏਕਤਾ ਯੂਨੀਅਨ ਅਚਾਨਕ ਧੱਕੇ ਨਾਲ ਟੋਲ ਬੰਦ ਕਰਾਉਣ ਆ ਗਈ ਅਤੇ ਡਾਂਗਾਂ ਚਲਾਈਆਂ ਗਈਆਂ।
ਦੂਜੇ ਪਾਸੇ ਪਿੰਡ ਵੜਿੰਗ ਦੇ ਵਸਨੀਕਾਂ ਨੇ ਵੀ ਮੋਰਚਾ ਸੰਭਾਲਿਆ ਅਤੇ ਕਿਹਾ ਕਿ ਇਹ ਟੋਲ ਪਲਾਜ਼ਾ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਇਸ ਨਾਲ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਉਹਨਾਂ ਦਾ ਆਰੋਪ ਸੀ ਕਿ ਕਿਸਾਨ ਯੂਨੀਅਨ ਵੱਲੋਂ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ ਅਤੇ ਬਦਮਾਸ਼ੀ ਕਰਦਿਆਂ ਹਮਲੇ ਕੀਤੇ ਗਏ।
ਇਸ ਦੇ ਉਲਟ ਸਿੱਧੂਪੁਰ ਏਕਤਾ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵੀਡੀਓ ਜਰੀਏ ਪ੍ਰਬੰਧਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਪੁਲ ਨਹੀਂ ਬਣਾਏ ਗਏ ਤਾਂ ਅਸੀਂ ਟੋਲ ਬੰਦ ਕਰਵਾਂਗੇ। ਉਹਨਾਂ ਕਿਹਾ ਕਿ ਇੱਥੇ ਪੁਲਾਂ ਦੀ ਕਮੀ ਕਾਰਨ ਪਹਿਲਾਂ ਵੱਡਾ ਹਾਦਸਾ ਹੋ ਚੁੱਕਾ ਹੈ। ਜਿਸ ਕਾਰਨ ਬੱਸ ਨਹਿਰ ਵਿੱਚ ਡਿੱਗ ਗਈ ਸੀ ਅਤੇ ਜਾਨਾਂ ਗਈਆਂ ਸਨ। ਇਸ ਲਈ ਕੋਈ ਵੀ ਸ਼ਰਤ ਪੂਰੀ ਨਾ ਕਰਨ 'ਤੇ ਟੋਲ ਚੱਲਣ ਨਹੀਂ ਦਿੱਤਾ ਜਾਵੇਗਾ।
ਇਸ ਤਣਾਅਪੂਰਨ ਸਥਿਤੀ ਦੌਰਾਨ ਮੀਡੀਆ ਕਵਰੇਜ ਕਰ ਰਹੇ ਇੱਕ ਪੱਤਰਕਾਰ ਨਾਲ ਵੀ ਪੁਲਿਸ ਮੁਲਾਜ਼ਮ ਵੱਲੋਂ ਬਦਸਲੂਕੀ ਕੀਤੀ ਗਈ। ਪੱਤਰਕਾਰ ਦਾ ਆਰੋਪ ਹੈ ਕਿ ਉਸਨੂੰ ਡਾਂਗ ਮਾਰੀ ਗਈ ਅਤੇ ਗਲੇ ਤੋਂ ਫੜ ਕੇ ਧੱਕਾ ਦਿੱਤਾ ਗਿਆ। ਪੱਤਰਕਾਰ ਨੇ ਡੀਐਸਪੀ ਨੂੰ ਸ਼ਿਕਾਇਤ ਕੀਤੀ ਹੈ ,ਜਿਸ ਉੱਤੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਪੰਜ ਘੰਟੇ ਤੱਕ ਚੱਲੇ ਇਸ ਰੌਲੇ ਵਿੱਚ ਹਰ ਪਲ ਤਣਾਅ ਵਧਦਾ ਰਿਹਾ ਪਰ ਅੰਤ ਵਿੱਚ ਪੁਲਿਸ ਪ੍ਰਸ਼ਾਸਨ ਨੇ ਤਿੰਨਾਂ ਧਿਰਾਂ ਵਿਚਕਾਰ ਮਾਮਲੇ ਨੂੰ ਸ਼ਾਂਤ ਕੀਤਾ। ਧਰਨਾ ਖਤਮ ਕਰਵਾ ਕੇ ਪ੍ਰਸ਼ਾਸਨ ਵੱਲੋਂ ਕੱਲ ਲਈ ਮੀਟਿੰਗ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਤਾਂ ਜੋ ਹੱਲ ਕੱਢਿਆ ਜਾ ਸਕੇ।
- PTC NEWS