Attack on Elderly Sikh Man Video : ਇੰਗਲੈਂਡ 'ਚ ਦੋ ਬਜ਼ੁਰਗ ਸਿੱਖਾਂ ਦੀ ਬੇਰਹਿਮ ਕੁੱਟਮਾਰ, ਕੀਤੀਆਂ ਨਸਲੀ ਟਿੱਪਣੀਆਂ, 3 ਗ੍ਰਿਫ਼ਤਾਰ
Elderly Sikh Beating UK : ਇੰਗਲੈਂਡ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਥੇ ਵੁਲਵਰਹੈਂਪਟਨ 'ਚ ਦੋ ਬਜ਼ੁਰਗ ਸਿੱਖਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਘਟਨਾ ਲੰਘੇ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ, ਜੋ ਕਿ ਵੁਲਵਰਹੈਂਪਟਨ ਰੇਲਵੇ ਸਟੇਸ਼ਨ 'ਤੇ ਦੀ ਹੈ। ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਦੋ ਬਜ਼ੁਰਗ ਸਿੱਖਾਂ 'ਤੇ ਕੁੱਝ ਅੰਗਰੇਜ਼ ਨੌਜਵਾਨਾਂ ਵੱਲੋਂ ਨਸਲੀ ਟਿੱਪਣੀਆਂ (Racial comments) ਕਰਦੇ ਹੋਏ ਹਮਲਾ (Attack on Elderly Sikh Man) ਕੀਤਾ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੀ ਭਿਆਨਕਤਾ ਨੂੰ ਦਰਸਾਉਂਦੀ ਵੀਡੀਓ ਵੀ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝੀ ਕੀਤੀ ਹੈ, ਜਿਸ ਨੂੰ ਵੇਖਣਾ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਇਸ ਹਮਲੇ ਦੀ ਨਿਖੇਧੀ ਕਰਦਿਆਂ ਯੂਕੇ ਸਰਕਾਰ ਅਤੇ ਭਾਰਤ ਸਰਕਾਰ ਤੋਂ ਫੌਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਪੁਲਿਸ ਨੇ ਹਮਲੇ 'ਚ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ
ਹਮਲੇ ਪਿੱਛੋਂ ਸਥਾਨਕ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਮਲੇ ਦੇ ਸਬੰਧ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ 'ਤੇ ਨਸਲੀ ਹਿੰਸਾ (Racial violence) ਦਾ ਸ਼ੱਕ ਹੈ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ (BTP) ਦੇ ਅਨੁਸਾਰ, ਹਮਲਾ ਸ਼ੁੱਕਰਵਾਰ ਦੁਪਹਿਰ ਲਗਭਗ 1:45 ਵਜੇ ਹੋਇਆ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਉਮਰ 17, 19 ਅਤੇ 25 ਸਾਲ ਹੈ। ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ।
ਬੀਟੀਪੀ ਨੇ ਇਹ ਵੀ ਕਿਹਾ ਕਿ ਉਹ ਸੋਸ਼ਲ ਮੀਡੀਆ 'ਤੇ ਹਮਲੇ ਨੂੰ ਦਰਸਾਉਂਦੀ ਇੱਕ ਵੀਡੀਓ ਦੀ ਜਾਂਚ ਕਰ ਰਹੀ ਹੈ। ਇੱਕ ਪੁਲਿਸ ਬੁਲਾਰੇ ਨੇ ਕਿਹਾ, "ਅਸੀਂ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਵੀਡੀਓ ਤੋਂ ਜਾਣੂ ਹਾਂ ਅਤੇ ਸਮਝਦੇ ਹਾਂ ਕਿ ਇਸ ਨੇ ਭਾਈਚਾਰੇ ਵਿੱਚ ਚਿੰਤਾ ਪੈਦਾ ਕੀਤੀ ਹੈ। ਰੇਲਵੇ ਨੈੱਟਵਰਕ 'ਤੇ ਇਸ ਤਰ੍ਹਾਂ ਦਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਂਦਾ ਅਤੇ ਅਸੀਂ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਾਂ।"
ਸਿੱਖ ਫੈਡਰੇਸ਼ਨ ਯੂਕੇ ਨੇ ਕਿਹਾ ਕਿ ਉਸਨੇ ਹਮਲੇ ਵਿੱਚ ਜ਼ਖਮੀ ਹੋਏ ਦੋ ਸਿੱਖ ਬਜ਼ੁਰਗਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਦੀ ਉਮਰ 60 ਤੋਂ 70 ਸਾਲ ਦੇ ਵਿਚਕਾਰ ਹੈ ਅਤੇ ਉਹ ਸਿੱਖ ਧਰਮ ਦੇ ਹਨ। ਫੈਡਰੇਸ਼ਨ ਨੇ ਹਮਲੇ ਨੂੰ "ਬੇਰਹਿਮ" ਦੱਸਿਆ ਹੈ।
- PTC NEWS